ਬਠਿੰਡਾ, 26 ਅਕਤੂਬਰ( ਇੰਦਰਜੀਤ ਨਥਾਣਾ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਹਰ ਵਾਰ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਚੋਟੀ ਦੀਆਂ ਪੁਜੀਸ਼ਨਾਂ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਉਂਦੇ ਹਨ । ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਗੁਰੂਕੁਲ ਕਾਲਜ ਫ਼ਾਰ ਵੋਮੈਨ, ਕੋਟਕਪੂਰਾ ਵਿਖੇ ਆਯੋਜਿਤ ਕੀਤੇ ਬਠਿੰਡਾ ਜ਼ੋਨ ਦੇ ਜ਼ੋਨਲ ਯੂਥ ਫੈਸਟੀਵਲ ਦੌਰਾਨ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਜਿੱਤਾਂ ਦਰਜ ਕਰਕੇ ਕਾਲਜ ਦਾ ਮਾਣ ਵਧਾਇਆ ਅਤੇ ਓਵਰਆਲ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਸ਼ਾਨਦਾਰ ਪ੍ਰਾਪਤੀਆਂ ਸਦਕਾ ਡਾਂਸ ਵਿੱਚ ਓਵਰਆਲ ਟਰਾਫ਼ੀ ਵੀ ਬਾਬਾ ਫ਼ਰੀਦ ਕਾਲਜ ਦੇ ਨਾਂ ਰਹੀ। ਇਸ ਯੂਥ ਫੈਸਟੀਵਲ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਭੰਗੜਾ, ਗਰੁੱਪ ਸ਼ਬਦ, ਵੈਸਟਰਨ ਸੋਲੋ, ਗੀਤ/ਗਜ਼ਲ, ਇੰਡੀਅਨ ਗਰੁੱਪ ਸਾਂਗ ਅਤੇ ਵੈਸਟਰਨ ਗਰੁੱਪ ਸਾਂਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਇਸ ਤੋਂ ਇਲਾਵਾ ਗਿੱਧਾ, ਮੌਕੇ ਤੇ ਪੇਂਟਿੰਗ ਅਤੇ ਇੰਸਟਾਲੇਸ਼ਨ ਮੁਕਾਬਲੇ ਵਿੱਚ ਵੀ ਬਾਬਾ ਫ਼ਰੀਦ ਕਾਲਜ ਦੀ ਟੀਮ ਨੇ ਦੂਜੀ ਪੁਜੀਸ਼ਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਇਸੇ ਤਰ੍ਹਾਂ ਨਾਟਕ, ਪੋਸਟਰ ਮੇਕਿੰਗ, ਏਲੋਕੇਸ਼ਨ ਦੇ ਮੁਕਾਬਲੇ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਤੀਜੀ ਪੁਜੀਸ਼ਨ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ । ਕਲਾਸੀਕਲ ਵੋਕਲ ਦੇ ਮੁਕਾਬਲੇ ਵਿੱਚ ਵੀ ਬਾਬਾ ਫ਼ਰੀਦ ਕਾਲਜ ਦੀ ਟੀਮ ਚੌਥੇ ਸਥਾਨ ’ਤੇ ਰਹੀ । ਕਾਲਜ ਦੀ ਵਿਦਿਆਰਥਣ ਵੀਰਪਾਲ ਕੌਰ ਨੂੰ ਗਿੱਧੇ ਵਿੱਚ ਬੈਸਟ ਡਾਂਸਰ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਡਾਂਸ ਵਿੱਚ ਓਵਰਆਲ ਟਰਾਫ਼ੀ ਬਾਬਾ ਫ਼ਰੀਦ ਕਾਲਜ ਦੇ ਨਾਂ ਰਹੀ । ਇਹਨਾਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਇਸ ਜੋਨਲ ਯੂਥ ਫੈਸਟੀਵਲ ਵਿੱਚ ਬਾਬਾ ਫ਼ਰੀਦ ਕਾਲਜ ਨੇ ਓਵਰਆਲ ਤੀਜੀ ਪੁਜੀਸ਼ਨ ਹਾਸਲ ਕਰ ਲਈ। ਇਸੇ ਤਰ੍ਹਾਂ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੀ ਟੀਮ ਨੇ ਮਾਈਮ ਮੁਕਾਬਲੇ ਵਿੱਚ ਅਤੇ ਐਮ.ਬੀ.ਏ. ਪਹਿਲਾ ਸਾਲ ਦੀ ਵਿਦਿਆਰਥਣ ਪਾਇਲ ਮਹਿਤਾ ਨੇ ਮਮਿਕਰੀ ਦੇ ਮੁਕਾਬਲੇ ’ਚ ਦੂਜੀ ਪੁਜੀਸ਼ਨ ਹਾਸਲ ਕੀਤੀ । ਕਲੇਅ ਮਾਡਲਿੰਗ ਦੇ ਮੁਕਾਬਲੇ ਵਿੱਚ ਐਮ.ਬੀ.ਏ. ਪਹਿਲਾ ਸਾਲ ਦੇ ਵਿਦਿਆਰਥੀ ਦੀਪਇੰਦਰ ਸਿੰਘ ਨੇ ਤੀਜੀ ਪੁਜੀਸ਼ਨ ਅਤੇ ਐਮ.ਬੀ.ਏ. ਆਖਰੀ ਸਾਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਕਵਿਤਾ ਉਚਾਰਣ ਅਤੇ ਏਲੋਕੇਸ਼ਨ ਦੇ ਮੁਕਾਬਲੇ ਵਿੱਚ ਚੌਥੀ ਪੁਜੀਸ਼ਨ ਹਾਸਲ ਕੀਤੀ ਹੈ । ਇਸ ਤੋਂ ਇਲਾਵਾ ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਸਕਿੱਟ ਅਤੇ ਮਾਈਮ ਮੁਕਾਬਲੇ ਵਿੱਚ ਤੀਜਾ ਸਥਾਨ ਅਤੇ ਪੋਸਟਰ ਮੇਕਿੰਗ ਤੇ ਗੀਤ/ਗਜ਼ਲ ਦੇ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਗਏ ਇਕ ਸਮਾਗਮ ਦੌਰਾਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਯੂਥ ਫੈਸਟੀਵਲ ਵਿੱਚ ਅਹਿਮ ਜਿੱਤਾਂ ਲਈ ਮੁਬਾਰਕਬਾਦ ਦਿੰਦਿਆਂ ਜੇਤੂ ਵਿਦਿਆਰਥੀਆਂ, ਉਹਨਾਂ ਦੇ ਅਧਿਆਪਕਾਂ, ਵੱਖ-ਵੱਖ ਵੰਨਗੀਆਂ ਦੇ ਇੰਚਾਰਜਾਂ ਅਤੇ ਕੋਚ ਸਹਿਬਾਨਾਂ ਦੀ ਸਖ਼ਤ ਮਿਹਨਤ ਅਤੇ ਸਾਰਥਿਕ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਉਹਨਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ।
ਜ਼ੋਨਲ ਯੂਥ ਫੈਸਟੀਵਲ ’ਚ ਬਾਬਾ ਫ਼ਰੀਦ ਗਰੁੱਪ ਦੇ ਵਿਦਿਆਰਥੀ ਛਾਏ



