ਨਵੀਂ ਦਿੱਲੀ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸ. ਹਰਵਿੰਦਰ ਸਿੰਘ ਸਰਨਾ, ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਕੂੜ ਪ੍ਰਚਾਰ ਕਰ ਅਤੇ ਕੁਫਰ ਤੋਲ ਸਿੱਖਾਂ ਨੂੰ ਗੁਮਰਾਹ ਕਰਨ ਦਾ ਸਿਲਸਿਲਾ ਅਜੇ ਤਕ ਜਾਰੀ ਹੈ। ਸ. ਸਰਨਾ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਲਗਾਤਾਰ ਕਈ ਵਰ੍ਹੇ ਅਤੇ ਫਿਰ ਚੋਣਾਂ ਦੌਰਾਨ ਕੀਤੇ ਕੂੜ ਪ੍ਰਚਾਰ ਰਾਹੀਂ ਦਿੱਲੀ ਦੇ ਸਿੱਖਾਂ ਨੂੰ ਗੁਮਰਾਹ ਕਰ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰਨ ਵਿੱਚ ਸਫਲਤਾ ਹਾਸਲ ਕਰ ਲਈ। ਉਨ੍ਹਾਂ ਕਿਹਾ ਕਿ ਬਾਦਲਕਿਆਂ ਵਲੋਂ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਬਜ਼ਾ ਕੀਤਿਆਂ ਪੰਜ ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਬੀਤਣ ਨੂੰ ਆ ਰਿਹਾ ਹੈ ਪਰ ਇਸ ਸਮੇਂ ਦੌਰਾਨ ਉਹ ਨਾ ਤਾਂ ਕੋਈ ਅਜਿਹਾ ਕੰਮ ਕਰਨ ਵਿੱਚ ਸਫਲ ਹੋ ਸਕੇ ਹਨ, ਜਿਸ ਨਾਲ ਉਹ ਦਿੱਲੀ ਦੇ ਸਿੱਖਾਂ ਵਲੋਂ ਆਪਣੇ ਪ੍ਰਤੀ ਪ੍ਰਗਟ ਕੀਤੇ ਗਏ ਵਿਸ਼ਵਾਸ ਨੂੰ ਕਾਇਮ ਰਖ ਸਕਣ ਅਤੇ ਨਾ ਹੀ ਉਹ ਆਪਣੇ ਵਲੋਂ ਸ. ਪਰਮਜੀਤ ਸਿੰਘ ਸਰਨਾ ਪੁਰ ਗੁਰਦੁਆਰਾ ਕਮੇਟੀ ਦੀਆਂ ਜਾਇਦਾਦਾਂ ਨੂੰ ਵੇਚਣ ਅਤੇ ਖੁਰਦ ਬੁਰਦ ਕੀਤੇ ਜਾਣ ਦੇ ਲਾਏ ਜਾਂਦੇ ਰਹੇ ਆਧਾਰਹੀਨ ਦੋਸ਼ਾਂ ਨੂੰ ਸਾਬਤ ਕਰ ਸਕੇ ਹਨ, ਜਿਸਦੇ ਫਲਸਰੂਪ ਉਨ੍ਹਾਂ ਦਾ ਅਸਲੀ ਚੇਹਰਾ ਲੋਕਾਂ ਸਾਹਮਣੇ ਨੰਗਾ ਹੋਣ ਲਗ ਪਿਆ ਹੈ। ਇਹੀ ਗਲ ਉਨ੍ਹਾਂ ਦੀ ਬੌਖਲਾਹਟ ਦਾ ਕਾਰਣ ਬਣ ਰਹੀ ਹੈ। ਸ. ਸਰਨਾ ਨੇ ਕਿਹਾ ਕਿ ਆਪਣੀ ਇਸੇ ਬੌਖਲਾਹਟ ਨੂੰ ਮਿਟਾਣ ਲਈ ਹੀ ਉਹ (ਬਾਦਲਕੇ) ਮੁੜ ਕੁੜ ਪ੍ਰਚਾਰ ਕਰਨ ਅਤੇ ਕੁਫਰ ਤੋਲਣ ਦਾ ਸਹਾਰਾ ਲੈਣ ਤੇ ਤੁਲ ਬੈਠੇ ਹਨ।ਸ. ਹਰਵਿੰਦਰ ਸਿੰਘ ਸਰਨਾ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਦਾ ਸੰਚਾਲਣ ਕਰਨ ਲਈ ਜਿਸ ਟ੍ਰਸਟ ਦਾ ਗਠਨ ਕੀਤਾ ਗਿਆ ਸੀ, ਉਸਦੇ ਗਠਨ ਦੀ ਪ੍ਰਕ੍ਰਿਆ ਵਿੱਚ ਪੂਰੀ ਤਰ੍ਹਾਂ ਕਾਨੂੰਨੀ ਮਾਨਤਾਵਾਂ ਦਾ ਪਾਲਣ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਪਸੋਂ ਪ੍ਰਵਾਨਗੀ ਲਈ ਗਈ ਸੀ। ਸ. ਸਰਨਾ ਨੇ ਇਹ ਵੀ ਸਪਸ਼ਟ ਕੀਤਾ ਕਿ ਟ੍ਰਸਟ ਵਲੋਂ ਜਾਂ ਉਸਦੇ ਨਾਂ ਤੇ ਨਾ ਤਾਂ ਕੋਈ ਪੈਸਾ ਇਕਠਾ ਕੀਤਾ ਗਿਆ ਅਤੇ ਨਾ ਹੀ ਟ੍ਰਸਟ ਦੇ ਗਠਨ ਦੇ ਨਿਯਮਾਂ-ਉਪਨਿਯਮਾਂ ਵਿੱਚ ਹੀ ਅਜਿਹਾ ਕੋਈ ਪ੍ਰਾਵਧਾਨ ਹੈ। ਉਨ੍ਹਾਂ ਦਸਿਆ ਕਿ ਹਸਪਤਾਲ ਦੇ ਕੋਆਰਡੀਨੇਸ਼ਨ ਰਾਹੀਂ ਸੰਚਾਲਣ ਦੀਆਂ ਸ਼ਰਤਾਂ ਅਨੁਸਾਰ ਟ੍ਰਸਟ ਨੂੰ ਜੋ ਪੈਸਾ ਮਿਲਣਾ ਹੈ, ਉਸਦਾ ਇੱਕ ਵੱਡਾ ਹਿਸਾ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵਿਦਿਆ ਅਤੇ ਸਿਹਤ ਸੇਵਾਵਾਂ ਦੇ ਵਿਸਥਾਰ ਪੁਰ ਖਰਚ ਕੀਤਾ ਜਾਣਾ ਹੈ ਅਤੇ ਬਾਕੀ ਦੀ ਰਕਮ, ਸ਼ਰਤਾਂ ਅਨੁਸਾਰ ਨਿਸ਼ਚਿਤ ਪ੍ਰਤੀਸ਼ਤ ਮਰੀਜ਼ਾਂ ਦੇ ਮੁਫਤ ਇਲਾਜ ਤੋਂ ਇਲਾਵਾ, ਦਿੱਲੀ ਗੁਰਦੁਆਰਾ ਕਮੇਟੀ ਦੀ ਸਿਫਾਰਿਸ਼ ਤੇ ਵਾਧੂ ਮਰੀਜ਼ਾਂ ਦੇ ਇਲਾਜ ਤੇ ਹੋਣ ਵਾਲੇ ਖਰਚੇ ਦੀ ਅਦਾਇਗੀ ਹੋਣੀ ਹੈ। ਸ. ਸਰਨਾ ਨੇ ਦਸਿਆ ਕਿ ਬਾਦਲ ਅਕਾਲੀ ਦਲ ਨੇ ਗੁਰਦੁਆਰਾ ਕਮੇਟੀ ਦੇ ਪਿਛਲੇ ਪ੍ਰਬੰਧਕਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਅਦਾਲਤ ਵਿੱਚ ਜਾ, ਸੱਚਾਈ ਦਬਾਈ ਰਖ ਇੱਕ ਤਰਫਾ ਫੈਸਲਾ ਕਰਵਾ ਲਿਆ, ਜਿਸਤੇ ਅਦਾਲਤ ਸਾਹਮਣੇ ਸੱਚਾਈ ਪੇਸ਼ ਕਰਨ ਲਈ ਹੀ ਉਨ੍ਹਾਂ ਅਪੀਲ ਕੀਤੀ ਹੈ।



