ਚੰਡੀਗੜ੍ਹ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸਥਾਨਕ ਸਰਕਾਰਾਂ ਵਿਭਾਗ ਨੇ ਸ਼ਹਿਰਾਂ ਦੇ ਵਿਕਾਸ ਲਈ ਸੂਬੇ ਦੀਆਂ ਸਮੂਹ 145 ਸਥਾਨਕ ਸਰਕਾਰਾਂ ਨੂੰ ਚੂੰਗੀ ਦੀ ਭਰਪਾਈ ਲਈ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਈ ਦੌਰਾਨ 402.08 ਕਰੋੜ ਰੁਪਏ ਦੀ ਰਾਸ਼ੀ ਵੰਡੀ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਸ੍ਰੀ ਭਗਤ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਨੂੰ ਚੂੰਗੀ ਦੀ ਭਰਪਾਈ ਵਜੋਂ ਵੈਟ ਰਾਹੀਂ ਇਕੱਤਰ ਰਾਸ਼ੀ ਵਿੱਚੋਂ ਫੰਡ ਦੇਣ ਦੇ ਕੀਤੇ ਫੈਸਲੇ ਤਹਿਤ ਮੌਜੂਦਾ ਵਰ੍ਹੇ 2013-14 ਦੀ ਪਹਿਲੀ ਤਿਮਾਈ ਦੌਰਾਨ 4 ਅਰਬ 2 ਕਰੋੜ 8 ਲੱਖ 34 ਹਜ਼ਾਰ 17 ਰੁਪਏ (402.08 ਕਰੋੜ) ਰਾਸ਼ੀ ਦਿੱਤੀ। ਇਹ ਰਾਸ਼ੀ ਸਮੂਹ ਸਥਾਨਕ ਸਰਕਾਰਾਂ ਜਿਨ੍ਹਾਂ ਵਿੱਚ ਨਗਰ ਨਿਗਮ, ਨਗਰ ਕੌਂਸਲਾਂ ਤੇ ਪੰਚਾਇਤਾਂ ਸ਼ਾਮਲ ਹਨ, ਆਪੋ-ਆਪਣੇ ਸ਼ਹਿਰਾਂ, ਕਸਬਿਆਂ ਦੇ ਵਿਕਾਸ ਕਾਰਜਾਂ ਲਈ ਖਰਚ ਕਰਨਗੀਆਂ ਤਾਂ ਜੋ ਸ਼ਹਿਰੀਆਂ ਬਿਹਤਰ ਸਹੂਲਤਾਂ ਮਿਲ ਸਕਣ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਸਥਾਨਕ ਸਰਕਾਰਾਂ ਨੂੰ ਦਿੱਤੀ ਵਿੱਤੀ ਸਹਾਇਤਾ ਰਾਸ਼ੀ ਵਿੱਚੋਂ ਸੂਬੇ ਦੀਆਂ 6 ਨਗਰ ਨਿਗਮਾਂ ਨੂੰ ਦਿੱਤੀ ਰਾਸ਼ੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਨੂੰ 99 ਕਰੋੜ 77 ਲੱਖ 41 ਹਜ਼ਾਰ 313 ਰੁਪਏ (99.77 ਕਰੋੜ ਰੁਪਏ), ਨਗਰ ਨਿਗਮ ਜਲੰਧਰ ਨੂੰ 42 ਕਰੋੜ 9 ਲੱਖ 8 ਹਜ਼ਾਰ 899 ਰੁਪਏ (42.09 ਕਰੋੜ ਰੁਪਏ), ਨਗਰ ਨਿਗਮ ਅੰਮ੍ਰਿਤਸਰ ਨੂੰ 35 ਕਰੋੜ 39 ਲੱਖ 98 ਹਜ਼ਾਰ 752 ਰੁਪਏ (35.39 ਕਰੋੜ ਰੁਪਏ), ਨਗਰ ਨਿਗਮ ਬਠਿੰਡਾ ਨੂੰ 17 ਕਰੋੜ 98 ਲੱਖ 90 ਹਜ਼ਾਰ 464 ਰੁਪਏ (17.98 ਕਰੋੜ ਰੁਪਏ), ਨਗਰ ਨਿਗਮ ਮੋਹਾਲੀ ਨੂੰ 13 ਕਰੋੜ 93 ਲੱਖ 44 ਹਜ਼ਾਰ 138 ਰੁਪਏ (13.93 ਕਰੋੜ ਰੁਪਏ) ਅਤੇ ਨਗਰ ਨਿਗਮ ਪਟਿਆਲਾ ਨੂੰ 9 ਕਰੋੜ 77 ਲੱਖ 88 ਹਜ਼ਾਰ 964 ਰੁਪਏ (9.77 ਕਰੋੜ ਰੁਪਏ) ਦੀ ਵਿੱਤੀ ਸਹਾਇਤਾ ਦਿੱਤੀ ਗਈ। ਸ੍ਰੀ ਭਗਤ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ ਜਿਸ ਤਹਿਤ ਸ਼ਹਿਰਾਂ ਨੂੰ ਕਿਸੇ ਕਿਸਮ ਦੇ ਫੰਡ ਦੀ ਕਮ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ 100 ਫੀਸਦੀ ਪੀਣ ਵਾਲੇ ਸਾਫ ਪਾਣੀ, ਸਟਰੀਟ ਲਾਈਟਾਂ ਅਤੇ ਸੀਵਰੇਜ ਦੀ ਸਹੂਲਤ ਸਮੇਤ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸ਼ਹਿਰਾਂ ਦੇ ਵਿਕਾਸ ਲਈ ਪੰਜਾਬ ਦੀਆਂ ਸਮੂਹ ਸਥਾਨਕ ਸਰਕਾਰਾਂ ਨੂੰ 402 ਕਰੋੜ ਰੁਪਏ ਦਿੱਤੇ : ਭਗਤ



