ਰਾਮਪੁਰਾ ਫੂਲ, 26 ਅਕਤੂਬਰ (ਮਨਪ੍ਰੀਤ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਮੌੜ ਅੰਦਰਲੀ ਨਗਰ ਪੰਚਾਇਤ ਮੰਡੀ ਕਲਾਂ ਉਪਰ ਕਾਬਜ ਅਕਾਲੀ ਦਲ ਦੇ ਧੜੇ ਦੇ ਪ੍ਰਧਾਨ ਜਗਜੀਤ ਸਿੰਘ ਤੋਤਾ ਨੂੰ ਸੱਤਾ ਤੋ ਲਾਭਿਓ ਕਰਨ ਦੀਆ ਵਿਰੋਧੀ ਸਿਆਸਤਦਾਨਾਂ ਦੀਆ ਚਾਲਾਂ ਧਰੀਆ ਧਰਾਈਆ ਰਹਿ ਗਈਆ ਜਦ ਪ੍ਰਧਾਨ ਖਿਲਾਫ ਬੇ-ਵਿਸ਼ਵਾਸ਼ੀ ਦਾ ਮਤਾ ਲੈ ਕੇ ਆਏ ਵਿਰੋਧੀ ਕੌਂਸਲਰ ਆਪ ਪਾਰਟੀ ਦੇ ਵਿਧਾਇਕ ਦੇ ਸਮੱਰਥਣ ਦੇ ਬਾਵਜੂਦ ਪਾਟੋਧਾੜ ਹੋ ਗਏ। ਜਿਸ ਕਾਰਨ ਪ੍ਰਧਾਨ ਖਿਲਾਫ ਲਿਆਂਦਾ ਬੇਵਿਸ਼ਵਾਸੀ ਮਤਾ ਇਕ ਵਾਰ ਫੇਲ ਸਾਬਿਤ ਹੋਇਆ ਅਤੇ ਮੌਜੂਦਾ ਪ੍ਰਧਾਨ ਅਪਣੀ ਕੁਰਸੀ ਨੂੰ ਆਉਦੇਂ ਛੇ ਮਹੀਨੇ ਲਈ ਬਚਾਉਣ ਵਿਚ ਕਾਮਯਾਬ ਸਿੱਧ ਹੋਇਆ। ਜਿਸ ਦੇ ਸਬੰਧ ਵਿਚ ਈ.ਓ ਨੂੰ ਵਿਰੋਧੀ ਕੌਂਸਲਰਾ ਵੱਲੋ ਮਿਲੇ ਪੱਤਰ ਤੋ ਬਾਅਦ ਮੌਜੂਦਾ ਪ੍ਰਧਾਨ ਜਗਜੀਤ ਸਿੰਘ ਤੋਤਾ ਨੇ ਸਪੱਸ਼ਟ ਬਹੁਮਤ ਹੋਣ ਸਬੰਧੀ ਮੀਟਿੰਗ ਸੱਦੀ, ਜੋ ਐਸ਼.ਡੀ.ਐਮ ਵਰਿੰਦਰ ਸਿੰਘ ਪੀ.ਸੀ.ਐਸ ਦੀ ਅਗਵਾਈ ਹੇਠ ਹੋਈ। ਨਗਰ ਪੰਚਾਇਤ ਦੀ 11 ਕੌਸਲਰਾਂ ਸਣੇ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੂੰ ਵੀ ਮੀਟਿੰਗ ਸਬੰਧੀ ਸੱਦਾ ਦਿੱਤਾ ਗਿਆ ਪਰੰਤੂ ਪਿਛਲੇ ਦਿਨੀ ਪ੍ਰਧਾਨ ਜਗਜੀਤ ਸਿੰਘ ਖਿਲਾਫ ਬੇਵਿਸ਼ਵਾਹੀ ਚਿੱਠੀ ਉਪਰ 2/3 ਬਹੁਮਤ ਵਾਲੇ ਧੜੇ ਦੇ ਕੌਸਲਰਾਂ ਦੇ ਦਸਤਖਤ ਹੋਣ ਦੇ ਬਾਵਜੂਦ ਬੇਵਿਸ਼ਵਾਸੀ ਮਤੇ ਨੂੰ ਸਦਨ ਅੰਦਰ ਲਿਆਉਣ ਲਈ ਸਿਰਫ ਪੰਜ ਕੌਂਸਲਰ ਇੱਕਠੇ ਰਹਿ ਗਏ। ਜਿਸ ਕਾਰਨ ਮੌਜੂਦਾ ਪ੍ਰਧਾਨ ਖਿਲਾਫ ਲਿਆਂਦਾ ਮਤਾ ਫੇਲ ਹੋ ਗਿਆ। ਉਧਰ ਮੌਜੂਦਾ ਪ੍ਰਧਾਨ ਜਗਜੀਤ ਸਿੰਘ ਤੋਤਾ ਦਾ ਕਹਿਣਾ ਹੈ ਕਿ ਉਨਾਂ ਨਾਲ ਸ਼ੁਰੁੂ ਤੋ ਹੀ ਕੌਂਸਲਰ ਖੜੇ ਹਨ, ਜਦਕਿ ਕੁਝ ਲੋਕਾਂ ਨੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਅਜਿਹਾ ਪੱਤਰ ਜਾਰੀ ਕਰਵਾਇਆ ਸੀ। ਮਾਮਲੇ ਸਬੰਧੀ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਉਨਾਂ ਨੂੰ ਵੀ ਅੱਠ ਕੌਸਲਰਾਂ ਨੇ ਦਸਤਖਤ ਕਰਕੇ ਪ੍ਰਧਾਨ ਨੂੰ ਹਟਾਉਣ ਲਈ ਮੱਦਦ ਮੰਗੀ ਸੀ ਜਦਕਿ ਮੈਂ ਉਸ ਸਮੇਂ ਵੀ ਕਿਹਾ ਸੀ ਕਿ ਜੇਕਰ ਤੁਹਾਡੇ ਆਪਿਸੀ ਏਕਾ ਹੈ ਤਦ ਮੈਂ ਵੀ ਤੁਹਾਨੂੰ ਵੋਟ ਪਾ ਦੇਵਾਗਾ ਪਰ ਅੱਜ ਉਨਾਂ ਵਿਚੋ ਕੁਝ ਕੌਂਸਲਰ ਮੀਟਿੰਗ ਵਿਚ ਹੀ ਹਾਜਰ ਨਹੀ ਹੋਏ। ਜਿਸ ਕਾਰਨ ਪ੍ਰਧਾਨ ਅਪਣੀ ਕੁਰਸੀ ਬਚਾਉਣ ਵਿਚ ਸਹਾਇ ਸਿੱਧ ਹੋਇਆ। ਉਧਰ ਐਸ.ਡੀ.ਐਮ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਮੀਟਿੰਗ ਵਿਚ ਪੱਤਰ ਦੇਣ ਵਾਲੇ ਵਿਰੋਧੀ ਕੌਸਲਰ ਪੂਰੇ ਨਹੀ ਪੁੱਜੇ। ਜਿਸ ਕਾਰਨ ਮੀਟਿੰਗ ਵਿਚ ਲਿਆਂਦਾ ਮਤਾ ਫੇਲ ਸਾਬਿਤ ਹੋਇਆ ਹੈ। ਇਸ ਮੌਕੇ ਸੁਰਿੰਦਰ ਗਿੱਲ, ਅਸੋਕ ਕੁਮਾਰ, ਸੰਨੀ ਕੁਮਾਰ ਆਦਿ ਵੀ ਹਾਜਰ ਸਨ।
ਨਗਰ ਪੰਚਾਇਤ ਮੰਡੀ ਕਲਾਂ ਦੇ ਅਕਾਲੀ ਪ੍ਰਧਾਨ ਖਿਲਾਫ ਬੇ-ਵਿਸ਼ਵਾਸੀ ਮਤਾ ਫੇਲ



