June 24, 2026 11:18 pm

ਠੰਢ ਬਰਕਰਾਰ, ਸੰਘਣੀ ਧੁੰਦ ਨੇ ਰੋਕੀ ਵਾਹਨਾਂ ਦੀ ਰਫ਼ਤਾਰ

ਚੰਡੀਗੜ੍ਹ, 20 ਦਸੰਬਰ (ਵਿਸ਼ਵ ਵਾਰਤਾ)- ਉਤਰ ਭਾਰਤ ਵਿਚ ਪੈ ਰਹੀ ਕੜਾਕੇ ਦੀ ਠੰਢ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਕੋਹਰੇ ਕਾਰਨ ਵੀ ਸੜਕੀ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਰਾਜਧਾਨੀ ਚੰਡੀਗੜ੍ਹ ਦਾ ਅੱਜ ਵੱਧ ਤੋਂ ਵੱਧ ਤਾਪਮਾਨ 21 ਅਤੇ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 19 ਅਤੇ ਘੱਟੋ ਘੱਟ 6 ਡਿਗਰੀ, ਜਲੰਧਰ ਵਿਚ ਵੱਧ ਤੋਂ ਵੱਧ 20 ਅਤੇ ਘੱਟੋ ਘੱਟ 6 ਡਿਗਰੀ ਸੈਲਸੀਅਸ ਅਤੇ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 19 ਅਤੇ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਘੱਟੋ ਘੱਟ ਤਾਪਮਾਨ ਵਿਚ ਹੋਰ ਗਿਰਾਵਟ ਆਵੇਗੀ।
ਇਸ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਪੰਜਾਬ ਵਿਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਧੁੰਦ ਕਾਰਨ ਆਵਾਜਾਈ ਵਿਚ ਲਗਾਤਾਰ ਵਿਘਨ ਪੈ ਰਹੀ ਹੈ। ਗਵਾਂਢੀ ਸੂਬੇ ਹਰਿਆਣਾ ਵਿਚ ਸੰਘਣੀ ਧੁੰਦ ਅਤੇ ਠੰਢ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਉਤੇ ਵੀ ਅਸਰ ਦੇਖਣ ਨੂੰ ਮਿਲਿਆ ਹੈ। ਕਈ ਟ੍ਰੇਨਾਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਖਾਸ ਤੌਰ ‘ਤੇ ਡੇਲੀ ਪੈਸੰਜਰਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਅੱਜ ਸ਼ਾਨ-ਏ-ਪੰਜਾਬ ਟ੍ਰੇਨ ਰੱਦ ਕਰ ਦਿੱਤੀ ਗਈ, ਜਦੋਂ ਕਿ ਸਵਰਨ ਸ਼ਤਾਬਦੀ ਇਕ ਘੰਟਾ, ਅਮਰਪਾਲੀ ਐਕਸਪ੍ਰੈਸ ਤੇ ਸ਼ਹੀਦ ਐਕਸਪ੍ਰੈਸ ਦੇਰੀ ਨਾਲ ਚੱਲੀਆਂ।

Send this to a friend