ਫਤਹਿਗੜ੍ਹ ਸਾਹਿਬ, 20 ਦਸੰਬਰ (ਪੀ.ਟੀ.ਬਿਊਰੋ)-‘ਭਾਈ ਗੁਰਬਖ਼ਸ ਸਿੰਘ ਖ਼ਾਲਸਾ ਦੇ ਕੌਮੀ ਸੰਜ਼ੀਦਗੀ ਭਰੇ ਮਿਸਨ ਨੂੰ ਅੱਜ ਜਦੋ ਸਮੁੱਚੀ ਸਿੱਖ ਕੌਮ ਅਤੇ ਪੰਥਕ ਜਥੇਬੰਦੀਆਂ ਸਮਰਪਿਤ ਹੋ ਕੇ ਯੋਗਦਾਨ ਪਾ ਰਹੀਆਂ ਹਨ ਅਤੇ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਆਪਣੀ ਸੋਚ ਉਤੇ ਅਮਲ ਕਰਵਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਫੈਸਲਾ ਕਰੀ ਬੈਠੇ ਹਨ, ਤਾਂ ਉਸ ਸਮੇਂ ਸੰਘਰਸ਼ ਕਮੇਟੀ ਦੇ ਇਕ-ਦੋ ਮੈਂਬਰਾਂ ਵੱਲੋਂ, ਦੂਸਰੀਆਂ ਪੰਥਕ ਜਥੇਬੰਦੀਆਂ ਨੂੰ ਵਿਸ਼ਵਾਸ ਵਿਚ ਲਏ ਬਿਨ੍ਹਾਂ ਗੁਪਤ ਮੁਲਾਕਾਤਾਂ ਕਰਨ ਦਾ ਰੁਝਾਨ ਜਿਥੇ ਅਤਿ ਮੰਦਭਾਗਾਂ ਹੈ, ਉਥੇ ਭਾਈ ਗੁਰਬਖ਼ਸ ਸਿੰਘ ਦੇ ਵੱਡੇ ਕੌਮੀ ਮਿਸਨ ਨੂੰ ਕੰਮਜੋਰ ਕਰਨ ਵਾਲਾ ਵੀ ਹੈ । ਅਜਿਹੀਆਂ ਮੀਟਿੰਗਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਜਿਸ ਨਾਲ ਦੂਸਰੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਆਪਣੇ ਹੀ ਭਰਾਵਾਂ ਉਤੇ ਕੋਈ ਸ਼ੱਕ-ਸੁਬ੍ਹਾ ਹੋਵੇ ਅਤੇ ਪੰਥਕ ਏਕਤਾ ਨੂੰ ਕਿਸੇ ਤਰ੍ਹਾਂ ਦੀ ਆਂਚ ਆਵੇ।’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਜਿਨ੍ਹਾਂ ਵੱਲੋਂ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਬੀਤੇ 14 ਨਵੰਬਰ ਤੋ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਭੁੱਖ ਹੜਤਾਲ ਰੱਖੀ ਹੋਈ ਹੈ, ਉਸ ਮਿਸਨ ਦੀ ਪ੍ਰਾਪਤੀ ਲਈ ਬਣੀ ਸੰਘਰਸ਼ ਕਮੇਟੀ ਦੇ ਇਕ-ਦੋ ਮੈਂਬਰਾਂ ਵੱਲੋਂ ਸਰਕਾਰਾਂ ਨਾਲ ਮੁਲਾਕਾਤਾਂ ਕਰਨ ਦੇ ਅਮਲਾਂ ਉਤੇ ਡੂੰਘੀ ਹੈਰਾਨੀ ਅਤੇ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਆਪਣਾ ਵਸੀਅਤਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਲੈ ਕੇ ਵਸੀਅਤ ਮਾਰਚ ਲੈ ਕੇ ਜਾ ਰਹੇ ਸਨ, ਜਿਸ ਵਿਚ ਸਮੁੱਚੀਆਂ ਜਥੇਬੰਦੀਆਂ ਅਤੇ ਸਿੱਖ ਕੌਮ ਸਮੂਲੀਅਤ ਕਰ ਰਹੀ ਸੀ, ਤਾਂ ਸੰਘਰਸ਼ ਕਮੇਟੀ ਦੇ ਇਕ-ਦੋ ਮੈਂਬਰਾਂ ਵੱਲੋਂ, ਸਿੱਖ ਕੌਮ ਵਿਚ ਕਈ ਵਾਰ ਪਰਖ ਚੁੱਕੇ ਸ. ਪ੍ਰੇਮ ਸਿੰਘ ਚੰਦੂਮਾਜਰੇ ਵਰਗੇ ਰਾਹੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਦੇ ਅਮਲਾਂ ਤੋ ਕੀ ਨਤੀਜੇ ਨਿਕਲਣਗੇ, ਇਸਦਾ ਗਿਆਨ ਸਭ ਨੂੰ ਹੈ। ਫਿਰ ਅਜਿਹੀਆਂ ਗੁਪਤ ਮੀਟਿੰਗਾਂ ਕਿਉ ਕੀਤੀਆਂ ਜਾ ਰਹੀਆਂ ਹਨ ? ਉਹਨਾਂ ਕਿਹਾ ਕਿ ਸਾਨੂੰ ਭਾਈ ਗੁਰਬਖ਼ਸ ਸਿੰਘ ਜੀ ਖ਼ਾਲਸਾ ਦੇ ਮਾਰਚ ਨਾਲ ਤੋਰਕੇ, ਪਿੱਛੋ ਸਰਕਾਰਾਂ ਨਾਲ ਖਿਚੜੀਆਂ ਪਕਾਉਣ ਦੇ ਅਮਲ ਕੌਮ ਦੇ ਵੱਡੇ ਮਿਸਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਨ ਜੋ ਕਤਈ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਜੀ ਨੂੰ ਅੱਜ 36 ਦਿਨਾਂ ਦਾ ਸਮਾਂ ਭੁੱਖ ਹੜਤਾਲ ਤੇ ਬੈਠਿਆਂ ਹੋ ਚੁੱਕਿਆ ਹੈ। ਇਨ੍ਹਾਂ 36 ਦਿਨਾਂ ਵਿਚ ਨਾ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਹੀ ਕੋਈ ਉਹਨਾਂ ਦਾ ਚੰਦੂਮਾਜਰੇ ਵਰਗਾ ਏਲਚੀ ਗੁਰਦੁਆਰਾ ਅੰਬ ਸਾਹਿਬ ਵਿਖੇ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਜਾਂ ਸੰਘਰਸ਼ ਕਮੇਟੀ ਨਾਲ ਗੱਲ ਕਰਨ ਨਹੀਂ ਆਇਆ। ਫਿਰ ਬੀਤੇ ਦਿਨੀ ਸ. ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਅਖੌਤੀ ਮਰਜੀਵੜੇ ਵੱਲੋਂ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਨਾਲ ਮੁਲਾਕਾਤ ਕਰਨਾ ਅਤੇ ਫਿਰ ਇਕ-ਦੋ ਮੈਂਬਰਾਂ ਨੂੰ ਸ. ਬਾਦਲ ਨਾਲ ਮੁਲਾਕਾਤ ਕਰਵਾਉਣ ਦਾ ਸਿਲਸਿਲਾ ਪ੍ਰਤੱਖ ਕਰਦਾ ਹੈ ਕਿ ਕੌਮੀ ਮਿਸਨ ਨੂੰ ਤਾਰਪੀਡੋ ਕਰਨ ਲਈ ਕੋਈ ਵੱਡੀ ਕੌਮ ਵਿਰੋਧੀ ਸਾਜ਼ਿਸ ਹੋ ਰਹੀ ਹੈ, ਜਿਸ ਤੋ ਭਾਈ ਗੁਰਬਖ਼ਸ ਸਿੰਘ ਜੀ ਖ਼ਾਲਸਾ ਜੋ ਇਸ ਮਿਸਨ ਦੇ ਇਮਾਨਦਾਰ ਅਤੇ ਦ੍ਰਿੜੀ ਸੰਚਾਲਕ ਹਨ, ਉਹ ਅਤੇ ਸਮੁੱਚੀ ਕੌਮ ਅਜਿਹੀਆਂ ਕਾਰਵਾਈਆਂ ਤੋ ਸੁਚੇਤ ਰਹਿਣ ਅਤੇ ਅਸੀ ਸੰਘਰਸ਼ ਕਮੇਟੀ ਦੇ ਸਮੁੱਚੇ ਮੈਂਬਰਾਂ ਨੂੰ ਕੌਮ ਦੇ ਬਿਨ੍ਹਾ ਤੇ ਅਪੀਲ ਕਰਦੇ ਹਾਂ ਕਿ ਇਸ ਸੰਘਰਸ਼ ਵਿਚ ਸਹਿਯੋਗ ਕਰ ਰਹੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਵਿਸ਼ਵਾਸ ਵਿਚ ਲਏ ਤੋ ਬਿਨ੍ਹਾਂ ਸਰਕਾਰਾਂ ਜਾਂ ਉਹਨਾਂ ਦੇ ਗੈਰ ਇਖ਼ਲਾਕੀ ਏਲਚੀਆਂ ਰਾਹੀ ਕਿਸੇ ਤਰ੍ਹਾਂ ਦੀ ਗੱਲਬਾਤ ਬਿਲਕੁਲ ਨਾ ਕੀਤੀ ਜਾਵੇ। ਜੇਕਰ ਸਰਕਾਰ ਨਾਲ ਕੋਈ ਗੱਲਬਾਤ ਕਰਨ ਦੀ ਕੌਮ ਲੋੜ ਮਹਿਸੂਸ ਕਰੇ ਤਾਂ ਇਕ-ਦੋ ਮੈਂਬਰ ਨਹੀਂ, ਬਲਕਿ ਸਮੁੱਚੀਆਂ ਜਥੇਬੰਦੀਆਂ ਦੇ ਨੁਮਾਇਦਿਆ ਦੀ ਹਾਜ਼ਰੀ ਵਿਚ ਗੱਲਬਾਤ ਕੀਤੀ ਜਾਵੇ, ਨਾ ਕਿ ਗੁਪਤ ਮੀਟਿੰਗਾਂ ਕੀਤੀਆਂ ਜਾਣ।