Skip to content
Independent perspectives. Global stories.
BREAKING

ਪ੍ਰੋ. ਬਡੂੰਗਰ ਵੱਲੋਂ ਡਾ. ਧਰਮਿੰਦਰ ਸਿੰਘ ਉਭਾ ਦਾ ਕਾਵਿ ਸੰਗ੍ਰਹਿ ‘ਤੇਰੀ ਆਗ਼ੋਸ਼ ਵਿਚ…’ ਲੋਕ ਅਰਪਣ

Share this story

ਪਟਿਆਲਾ, 25 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਅਤੇ ਹਿੰਦੀ ਵਿਭਾਗ ਵੱਲੋਂ ਆਯੋਜਿਤ ਸਮਾਰੋਹ ਵਿੱਚ ਮੁੱਖ ਵਜੋਂ ਪਹੁੰਚੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਪੰਜਾਬੀ ਸਾਹਿਤ ਜਗਤ ਦੀ ਜਾਣੀ ਪਹਿਚਾਣੀ ਹਸਤੀ ਡਾ. ਧਰਮਿੰਦਰ ਸਿੰਘ ਉਭਾ ਦਾ ਕਾਵਿ ਸੰਗ੍ਰਹਿ ‘ਤੇਰੀ ਆਗ਼ੋਸ਼ ਵਿਚ…’ ਖ਼ਾਲਸਾ ਕਾਲਜ, ਪਟਿਆਲਾ ਵਿਖੇ ਲੋਕ ਅਰਪਣ ਕੀਤਾ। ਇਸ ਰਿਲੀਜ਼ ਸਮਾਰੋਹ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਡਾਇਰੈਕਟਰ, ਯੁਵਕ ਭਲਾਈ ਵਿਭਾਗ ਡਾ. ਸ਼ਤੀਸ਼ ਕੁਮਾਰ ਵਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀੇ ਅਤੇ ਸ. ਸਿਮਰਜੀਤ ਸਿੰਘ, ਮੀਤ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਬੋਲਦੇ ਹੋਏ ਪ੍ਰੋ. ਕਿਰਪਾਲ ਸਿੰਘ ਜੀ ਬਡੂੰਗਰ ਨੇ ਡਾ. ਉਭਾ ਨੂੰ ਉਨ੍ਹਾਂ ਦੀ ਪੁਸਤਕ ‘ਤੇਰੀ ਆਗ਼ੋਸ਼ ਵਿਚ…’ ਰਿਲੀਜ਼ ਹੋਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਵਿਤਾ ਆਤਮਾ ਦੀ ਆਵਾਜ਼ ਹੈ ਲੇਖਕ ਨੇ ਅੱਖਰਾਂ ਰਾਹੀਂ ਇਸ ਆਵਾਜ਼ ਨੂੰ ਹੀਰੇ ਵਾਂਗ ਚਮਕਾ ਕੇ ਪੇਸ਼ ਕੀਤਾ ਹੈ। ਇਸ ਪੁਸਤਕ ਵਿਚਲੀਆਂ ਸਾਰੀਆਂ ਕਾਵਿਤਾਵਾਂ ਅਰਥ ਭਰਪੂਰ ਹੋਣ ਦੇ ਨਾਲ ਨਾਲ ਅਧਿਆਤਮਿਕ ਜੀਵਨ ਨੂੰ ਸਮਝਣ ਲਈ ਮਨੁੱਖ ਨੂੰ ਪ੍ਰੇਰਿਤ ਕਰਦੀਆਂ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਕਵਿਤਾ ਸਾਹਿਤ ਦਾ ਇਕ ਅਜਿਹਾ ਰੂਪ ਹੈ ਜਿਸ ਰਾਹੀ ਮਨੁੱਖ ਦੀ ਚੰਗਿਆਈ ਅਤੇ ਨੇਕੀ ਸਾਹਮਣੇ ਆਉਂਦੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਡਾ. ਉਭਾ ਨਾ ਕੇਵਲ ਸਾਹਿਤ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਬਲਕਿ ਪ੍ਰਬੰਧ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਲਾ ਮਿਸਾਲ ਹੈ ਉਨ੍ਹਾਂ ਕਿਹਾ ਕਿ ਛੋਟੀ ਉਮਰੇ ਡਾ. ਉਭਾ ਦੁਆਰਾ ਕੀਤੀਆਂ ਪ੍ਰਾਪਤੀਆਂ ਉਨ੍ਹਾਂ ਦੀ ਬਹੁਪਰਤੀ ਸ਼ਖ਼ਸੀਅਤ ਦੀ ਹਾਮੀ ਭਰਦੀਆਂ ਹਨ। ਉਨ੍ਹਾਂ ਨੇ ਕਿ ਮੈਂ ਲੰਮੇ ਸਮੇਂ ਤੋਂ ਡਾ. ਉਭਾ ਦੀ ਵਿਕਸਤ ਹੋ ਰਹੀ ਸ਼ਖ਼ਸੀਅਤ ਨੂੰ ਲਗਾਤਾਰ ਨੇੜੇ ਤੋਂ ਦੇਖ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਹ ਸਹੀ ਅਰਥਾ ਵਿੱਚ ਆਪਣੇ ਮਾਪਿਆਂ ਦੇ ਸਪੁੱਤਰ ਸਿੱਧ ਹੋ ਰਹੇ ਹਨ। ਪ੍ਰਧਾਨ ਸਾਹਿਬ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦੀਆਂ ਕਵਿਤਾਵਾਂ ਅਤੇ ਹੋਰ ਰਚਨਾਵਾਂ ਡਾ. ਉਭਾ ਵੱਲੋਂ ਲਿਖੀਆਂ ਗਈਆਂ ਹਨ ਉਹ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇਕ ਨਿੱਗਰ ਸਥਾਨ ਬਣਾਉਣਗੀਆਂ। ਉਨ੍ਹਾਂ ਸਮੁੱਚੇ ਤੌਰ ’ਤੇ ਡਾ. ਉਭਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖ ਪੰਥ ਅਤੇ ਕੌਮ ਨੂੰ ਉਨ੍ਹਾਂ ਤੋਂ ਵੱਡੀਆਂ ਆਸਾਂ ਹਨ। ਮੁੱਖ ਵਕਤਾ ਵਜੋਂ ਪਹੁੰਚੇ ਡਾ. ਸ਼ਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਕਵਿਤਾ ਲਿਖਣ ਲਈ ਦਿਮਾਗ਼ ਦੀ ਪਰਪੱਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵਧੀਆ ਕਵਿਤਾ ਹੀ ਪਾਠਕਾਂ ਨੂੰ ਸਹੀ ਰਸਤਾ ਦਿਖਾਉਂਦੀ ਹੈ, ਮਨੁੱਖ ਦੀ ਸੋਚ ਨੂੰ ਉਚਾ ਚੁੱਕਦੀ ਹੈ ਅਤੇ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਕਾਵਿ ਸੰਗ੍ਰਹਿ ‘ਤੇਰੀ ਆਗ਼ੋਸ਼ ਵਿਚ…’ ਕਵਿਤਾ ਦੇ ਮਿਆਰਾਂ ’ਤੇ ਐਨ ਪੂਰਾ ਉਤਰਦਾ ਹੈ। ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲੇ ਚਾਰ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਪਾ ਚੁੱਕੇ ਹਨ। ਡਾ. ਉਭਾ ਹੁਣ ਤੱਕ ਗਿਆਨ ਸਾਹਿਤ ਅਤੇ ਪ੍ਰੇਰਣਾ ਸਾਹਿਤ ਨਾਲ ਸਬੰਧਤ ਪੰਜ ਪੁਸਤਕਾਂ ਦੀ ਪੰਜਾਬੀ ਵਿੱਚ ਰਚਨਾ ਕਰ ਚੁੱਕੇ ਹਨ। ਡਾ. ਉਭਾ ਨੇ ਅੰਗਰੇਜ਼ੀ ਭਾਸ਼ਾ ਵਿੱਚ ਲਿਖੀਆਂ ਪੰਜ ਸਾਹਿਤਕ ਰਚਨਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਸਿੱਖ ਧਰਮ ਅਤੇ ਪੰਜਾਬੀ ਸਾਹਿਤ ਨਾਲ ਸਬੰਧਤ ਪੰਜ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੈ। ਇਸ ਕਾਵਿ ਸੰਗ੍ਰਹਿ ਦੇ ਸਬੰਧ ਵਿੱਚ ਬੋਲਦਿਆਂ ਲੇਖਕ ਨੇ ਕਿਹਾ ਕਿ ਇਸ ਸੰਗ੍ਰਹਿ ਵਿੱਚ ਅਧਿਆਤਮਿਕ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਮਾਰੋਹ ਵਿੱਚ ਆਈਆਂ ਸਾਰੀਆਂ ਸ਼ਖ਼ਸੀਅਤਾਂ ਦਾ ਪ੍ਰੋ. ਜਸਪ੍ਰੀਤ ਕੌਰ ਨੇ ਧੰਨਵਾਦ ਕਰਦੇ ਹੋਏ ਬਾਖ਼ੂਬੀ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮੁਖੀ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

WRITTEN BY