ਸ੍ਰੀ ਅਨੰਦਪੁਰ ਸਾਹਿਬ, 25 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਤੇ ਹਾਜਰ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਅਤੇ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਸੰਬੌਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਾਦਰਸ਼ਾਹੀ ਬਰਦਾਸ਼ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰਾਤ ਦੇ 11:30 ਵਜੇ ਸ਼ਾਂਤਮਈ ਧਰਨੇ ਉੱਤੇ ਵਰਕਰਾਂ ਅਤੇ ਹੈਲਪਰਾਂ ਉਤੇ ਪਾਣੀ ਦੀਆਂ ਬੋਸ਼ਾਰਾਂ ਅਤੇ ਲਾਠੀਚਾਰਜ ਕੀਤਾ ਗਿਆ। ਸੰਵੀਧਾਨ ਵਿਚ ਦਿੱਤੇ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਰਾਤ ਦੇ 11:30 ਵਜੇ ਆਂਗਨਵਾੜੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਦੀ ਇਹ ਨਾਦਰਸ਼ਾਹੀ ਸਾਡੇ ਸੰਘਰਸ਼ਾਂ ਨੂੰ ਦਬਾ ਨਹੀਂ ਸਕਦੀ ਅਤੇ 54000 ਵਰਕਰਾਂ ਅਤੇ ਹੈਲਪਰਾਂ ਦੀਆਂ ਜਾਇਜ ਮੰਗਾਂ ਉਤੇ ਬੈਠ ਕੇ ਚਰਚਾ ਕਰਕੇ ਹੱਲ ਕੀਤੇ ਬਿਨ੍ਹਾਂ ਸਰਕਾਰ ਦਾ ਗੁਜ਼ਾਰਾ ਨਹੀਂ ਹੋਣਾ। ਉਹਨਾਂ ਨਿਤਿਸ਼ ਕੁਮਾਰ ਈ ਜੀ ਐਸ ਯੂਨੀਅਨ ਦੇ ਪ੍ਰਧਾਨ ਵਲੋਂ ਲਾਏ ਇਲਜ਼ਾਮ ਦਾ ਖੰਡਨ ਕਰਦੇ ਹੋਏ ਕਿਹਾ ਕਿ ਆਂਗਨਵਾੜੀ ਵਰਕਰ 75% ਗ੍ਰੈਜੁਏਟ ਹਨ, 25% ਮੈਟ੍ਰਿਕ ਹਨ ਅਤੇ ਪ੍ਰੀ ਸਕੂਲ ਸਿੱਖਿਆ ਲਈ ਤਜ਼ਰਬੇਕਾਰ ਹਨ। ਉਹਨਾਂ ਕਿਹਾ ਕਿ ਅਸੀਂ ਨਰਸਰੀ ਕਲਾਸਾਂ ਦੇ ਵਿਰੋਧੀ ਨਹੀਂ ਹਾਂ ਅਸੀਂ ਸਿਰਫ ਸਰਕਾਰ ਦੀਆਂ ਨੀਤੀਆਂ ਦੇ ਵਿਰੌਧੀ ਹਾਂ ਅਤੇ ਬਿਨ੍ਹਾਂ ਵਿਉਂਤਬੰਦੀ ਕੀਤੇ ਫੈਂਸਲਿਆਂ ਦੇ ਵਿਰੌਧੀ ਹਾਂ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਸਰਕਾਰ ਬੈਠਕੇ ਗੱਲਬਾਤ ਕਰਕੇ ਮੰਗਾਂ ਦਾ ਹੱਲ ਨਹੀਂ ਕਰਦੀ ਉਂਨੀ ਦੇਰ ਸਾਰੇ ਜਿਲਿਆਂ ਦੇ ਧਰਨੇ ਜਾਰੀ ਰਹਿਣਗੇ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸ਼ੀਲਾ ਦੇਵੀ, ਕੁਲਵੀਰ ਕੌਰ, ਹਰਮਿੰਦਰ ਕੌਰ, ਪਰਮਿੰਦਰ ਕੌਰ, ਊਮਾ ਦੇਵੀ, ਕੁਲਵਿੰਦਰ ਕੌਰ, ਸ਼ੁਸ਼ਮਾ ਆਦਿ ਵਰਕਰਾਂ ਹਾਜਰ ਸਨ।
ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ



