ਦੀਵਾਲੀ ਦੇ ਮੌਕੇ ਦਿੱਤੇ ਜਾਣ ਵਾਲੇ ਤੋਹਫੇ ਬੇਇਮਾਨੀ, ਹੇਰ ਫੇਰ, ਕਪਟ ਅਤੇ ਭ੍ਰਿਸ਼ਟਾਚਾਰ ਦੇ ਮੌਕੇ ਨਹੀਂ ਬਣਨੇ ਚਾਹੀਦੇ। ਸਰਕਾਰ ਵੱਲੋਂ ਆਪਣੇ ਅਫ਼ਸਰਾਂ ਅਤੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਕੇ ਇਹ ਕਿਹਾ ਜਾਣਾ ਜ਼ਰੂਰੀ ਹੈ ਕਿ ਕੋਈ ਵੀ ਅਫ਼ਸਰ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ, ਠੇਕੇਦਾਰਾਂ, ਵਪਾਰੀਆਂ ਅਤੇ ਕਾਰੋਬਾਰੀਆਂ ਤੋਂ ਦੀਵਾਲੀ ਦੇ ਨਾਮ ’ਤੇ ਕੋਈ ਤੋਹਫਾ, ਨਜ਼ਰਾਨਾ ਜਾਂ ਭੇਟ ਨਾ ਲਵੇ। ਉਂਜ ਇਸ ਕਿਸਮ ਦਾ ਪੱਤਰ ਹਰ ਵਰ੍ਹੇ ਜਾਰੀ ਹੁੰਦਾ ਹੈ ਪਰ ਬਹੁਤ ਸਾਰੇ ਅਫ਼ਸਰਾਂ ’ਤੇ ਇਸਦਾ ਕੋਈ ਅਸਰ ਨਹੀਂ ਹੁੰਦਾ। ਮੇਰੇ ਇਕ ਤਹਿਸੀਲਦਾਰ ਮਿੱਤਰ ਦੇ ਦੱਸਣ ਅਨੁਸਾਰ ‘ਇਕ ਦੀਵਾਲੀ ਅਜਿਹੀ ਆਈ ਸੀ ਕਿ ਦੀਵਾਲੀ ਤੋਂ ਚਾਰ ਦਿਨ ਪਹਿਲਾਂ ਮੇਰੀ ਬਦਲੀ ਹੋ ਗਈ। ਅਸੀਂ ਸਾਰੇ ਮਹਿਕਮੇ ਮਾਲ ਦੇ ਅਫ਼ਸਰਾਂ ਨੇ ਕਮਿਸ਼ਨਰ ਸਾਹਿਬ ਨੂੰ ਦੀਵਾਲੀ ਦੀ ਸ਼ੁਭ ਕਾਮਨਾਵਾਂ ਦੇਣ ਇਸ ਨਿਸ਼ਚਤ ਮਿਤੀ ਅਤੇ ਵਕਤ ’ਤੇ ਜਾਣਾ ਸੀ। ਮੇਰੀ ਬਦਲੀ ਹੋ ਜਾਣ ਕਾਰਨ ਮੈਂ ਨਹੀਂ ਗਿਆ। ਕਮਿਸ਼ਨਰ ਨੇ ਸਾਥੀ ਅਫ਼ਸਰਾਂ ਤੋਂ ਮੇਰੀ ਗੈਰ ਹਾਜ਼ਰੀ ਦਾ ਕਾਰਨ ਪੁਛਿਆ ਅਤੇ ਉਨ੍ਹਾਂ ਸੱਚ ਦੱਸ ਦਿੱਤਾ ਕਿ ਬਦਲੀ ਹੋ ਜਾਣ ਕਾਰਨ ਉਹ ਨਹੀਂ ਆਇਆ। ਮੈਨੂੰ ਉਦੋਂ ਹੈਰਾਨੀ ਹੋਈ ਜਦੋਂ ਕਮਿਸ਼ਨਰ ਦੇ ਪੀਏ ਨੇ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ ਲਈ ਕਿਹਾ। ਜਦੋਂ ਮੈਂ ਗੱਲ ਕੀਤੀ ਤਾਂ ਕਮਿਸ਼ਨਰ ਨੇ ਸਪੱਸ਼ਟ ਲਫ਼ਜਾਂ ਵਿੱਚ ਹੀ ਕਹਿ ਦਿੱਤਾ ਕਿ ਕੀ ਹੋਇਆ ਜੇ ਬਦਲ ਹੋ ਗਈ ਹੈ ਆਪਣੇ ਗਿਫਟ ਵਾਲੇ 25000 ਰੁਪਏ ਤਾਂ ਪਹੁੰਚਾ ਦੇਵੋ।’’
ਇਹ ਕੋਈ ਇਕਾ ਦੁਕਾ ਕੇਸ ਨਹੀਂ। ਦੀਵਾਲੀ ਦੇ ਮੌਕੇ ਅਫ਼ਸਰਾਂ ਨੂੰ ਖੁਸ਼ ਕਰਨ ਲਈ ਅਜਿਹਾ ਕੁੱਝ ਇਕ ਰਵਾਇਤ ਬਣਦੀ ਜਾ ਰਹੀ ਹੈ। ਇਕ ਵੱਡੇ ਸ਼ਹਿਰ ਦੇ ਡੀ.ਸੀ. ਦਾ ਘਰ ਦੀਵਾਲੀ ਦੇ ਤੋਹਫਿਆਂ ਨਾਲ ਭਰ ਜਾਣਾ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਰਵਾਇਤ ਡਿਪਟੀ ਕਮਿਸ਼ਨਰਾਂ ਅਤੇ ਕਮਿਸ਼ਨਰਾਂ ਤੱਕ ਸੀਮਤ ਨਹੀਂ ਸਗੋਂ ਹਰ ਮਹਿਕਮੇ ਦੇ ਵੱਡੇ ਅਫ਼ਸਰਾਂ ਆਪਣੇ ਅਧੀਨ ਕੰਮ ਕਰਦੇ ਅਮਲੇ ਤੋਂ ਚੰਗੇ ਮਹਿੰਗੇ ਤੋਹਫਿਆਂ ਅਤੇ ਭੇਟਾਵਾਂ ਦੀ ਆਸ ਰੱਖਦੇ ਹਨ। ਪਰ ਸਿਆਸੀ ਨੇਤਾਵਾਂ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ। ਸਿਵਲ ਅਧਿਕਾਰੀਆਂ ਨੂੰ ਤਾਂ ਨਿਯਮਾਂ ਅਨੁਸਾਰ ਰੋਕਿਆ ਜਾ ਸਕਦਾ ਹੈ ਅਤੇ ਰੋਕਿਆ ਜਾਣਾ ਚਾਹੀਦਾ ਹੈ। ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇ ਉਚ ਅਧਿਕਾਰੀ ਖੁਦ ਇਮਾਨਦਾਰ ਹੋਵੇਗਾ ਅਤੇ ਪੂਰੀ ਇਮਾਨਦਾਰੀ ਨਾਲ ਆਪਣੇ ਕਰਮਚਾਰੀਆਂ ਨੂੰ ਨੈਤਿਕਤਾ ਦਾ ਪਾਠ ਪੜਾਵੇਗਾ। ਦੋਗਲੇ ਕਿਰਦਾਰ ਵਾਲੇ ਅਫ਼ਸਰਾਂ ਦੇ ਹੁਕਮ ਵਿੱਚ ਕੋਈ ਅਸਰ ਨਹੀਂ ਹੁੰਦਾ ਬਲਕਿ ਲੋਕ ਪਿੱਠ ਪਿੱਛੇ ਉਨ੍ਹਾਂ ਦਾ ਹਾਸਾ ਉਡਾਉਂਦੇ ਨਜ਼ਰੀਂ ਪੈਂਦੇ ਹਨ। ਮੈਨੂੰ ਪੂਰੇ ਸ਼ਹਿਰ ਵਿੱਚ ਇਕ ਨਿਸ਼ਚਿਤ ਵਕਤ ਤੋਂ ਬਾਅਦ ਪਟਾਕੇ ਵਜਾਉਣ ’ਤੇ ਲਗਾਈ ਪਾਬੰਦੀ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹੋਏ ਸਨ ਪਰ ਰਾਤ 12 ਵਜੇ ਡੀ.ਸੀ. ਸਾਹਿਬ ਦੇ ਬੱਚਿਆਂ ਨੂੰ ਹੋਰ ਪਟਾਕਿਆਂ ਦੀ ਲੋੜ ਪੈ ਗਈ ਅਤੇ ਹੁਕਮਾਂ ਦੀ ਪਾਲਣਾ ਵੀ ਹੋਈ।
ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ। ਖੁਸ਼ੀ ਹਮੇਸ਼ਾਂ ਆਪਣੀ ਜੇਬ ਮੁਤਾਬਿਕ ਮਨਾਉਣੀ ਚਾਹੀਦੀ ਹੈ। ਉਧਾਰ ਲੈ ਕੇ ਤੋਹਫੇ ਖਰੀਦਨੇ ਅਤੇ ਸਿਰਫ ਵਿਖਾਵੇ ਲਈ ਤੋਹਫੇ ਵੰਡਣੇ ਚੰਗੀ ਗੱਲ ਨਹੀਂ। ਆਪ ਔਖੇ ਹੋ ਕੇ ਦੂਜੇ ਨੂੰ ਥੋੜ੍ਹੇ ਸਵਾਰਥ ਲਈ ਖੁਸ਼ ਕਰਨਾ ਵੀ ਗਲਤ ਹੈ। ਦੁੱਖ ਇਸ ਗੱਲ ਦਾ ਹੈ ਕਿ ਅਸੀਂ ਦੀਵਾਲੀ ਨੂੰ ਅਜਿਹੇ ਮੌਕੇ ਵਿੱਚ ਤਬਦੀਲ ਕਰ ਦਿੱਤਾ ਹੈ ਜਿਥੇ ਮਜ਼ਬੂਰੀ ਬਸ ਭੇਟਾਵਾਂ ਦਿੱਤੀਆਂ ਜਾਣ ਲੱਗੀਆਂ ਹਨ। ਬਹੁਤ ਸਾਰੇ ਲੋਕ ਦੀਵਾਲੀ ਦੇ ਗਿਫਟਾਂ ਨੂੰ ਆਪਣਾ ਅਧਿਕਾਰ ਸਮਝਣ ਲੱਗੇ ਹਨ। ਇਕ ਮਹਿਕਮੇ ਦਾ ਲੋਕ ਸੰਪਰਕ ਅਧਿਕਾਰੀ ਦੱਸਣ ਲੱਗਾ ਕਿ ਜੇ ਅਸੀਂ ਗਿਫਟ ਨਾ ਦੇਈਏ ਤਾਂ ਕਈ ਰਿਪੋਰਟਰ ਨਰਾਜ਼ ਹੋ ਜਾਂਦੇ ਹਨ। ਭੇਟਾ ਪਿਆਰ ਦਾ ਨਜ਼ਰਾਨਾ ਹੈ ਇਹ ਕਿਸੇ ਦਾ ਹੱਕ ਨਹੀਂ ਅਤੇ ਨਾ ਹੀ ਇਸ ਨੂੰ ਆਪਣਾ ਅਧਿਕਾਰ ਸਮਝਕੇ ਮੰਗਣਾ ਚਹੀਦਾ ਹੈ। ਦੀਵਾਲੀ ਤਾਂ ਅਸਲ ਵਿੱਚ ਖੁਸ਼ੀਆਂ ਸਾਂਝੀਆਂ ਕਰਨ ਦਾ ਤਿਉਹਾਰ ਹੈ। ਤੋਹਫੇ ਅਤੇ ਭੇਟਾਵਾਂ ਦਾ ਆਦਾਨ ਪ੍ਰਦਾਨ ਇਸੇ ਖੁਸ਼ੀ ਨੂੰ ਸਾਂਝਾ ਕਰਨ ਦੇ ਪ੍ਰਤੀਕ ਹਨ। ਇਹ ਜ਼ਰੂਰੀ ਨਹੀਂ ਕਿ ਤੋਹਫੇ ਮਹਿੰਗੇ ਹੋਣ ਅਤੇ ਨਾਲ ਹੀ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਅਦਾਨ ਪ੍ਰਦਾਨ ਹੈ। ਜਦੋਂ ਕੋਈ ਤੋਹਫਾ ਲੈਂਦਾ ਹੈ ਤਾਂ ਇਉਂ ਲਗਦਾ ਹੈ ਕਿ ਉਹ ਨਜ਼ਰਾਨਾ ਵਸੂਲ ਰਿਹਾ ਹੋਵੇ। ਸਮਾਜ ਵਿੱਚ ਵੱਧ ਰਹੇ ਇਸ ਕਿਸਮ ਦੇ ਰੁਝਾਣ ਨੂੰ ਰੋਕਣ ਦੀ ਲੋੜ ਹੈ। ਸਰਕਾਰ ਨੂੰ ਇਸ ਪੱਖੋਂ ਪਹਿਲਕਦਮੀ ਕਰਨੀ ਚਾਹੀਦੀ ਹੈ ਅਤੇ ਆਪਣੇ ਅਫ਼ਸਰਾਂ ਅਤੇ ਅਧਿਕਾਰੀਆਂ ਨੂੰ ਤੋਹਫੇ ਲੈਣ ਤੋਂ ਵਰਜਣਾ ਚਾਹੀਦਾ ਹੈ। ਖੁਸ਼ੀ ਮਨਾਉਣ ਲਈ ਮਿਠਾਈ ਨਾਲ ਮੂੰਹ ਮਿੱਠਾ ਕਰਾਉਣਾ ਹੀ ਕਾਫੀ ਹੁੰਦਾ ਹੈ ਅਤੇ ਸ਼ੁਭ ਕਾਮਨਾਵਾਂ ਲਈ ਫੁੱਲਾਂ ਦਾ ਗੁਲਦਸਤਾ ਵੀ ਕਾਫੀ ਹੁੰਦਾ ਹੈ।
ਸਰਕਾਰ ਅਫ਼ਸਰਾਂ ਨੂੰ ਦੀਵਾਲੀ ਦੇ ਤੋਹਫੇ ਲੈਣ ਤੋਂ ਰੋਕੇ



