ਡਿਪਟੀ ਕਮਿਸ਼ਨਰ ਵੱਲੋਂ ਪਿੰਡ ਦੀ ਪੰਚਾਇਤ ਤੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ
ਮਹਿਸਮਪੁਰ (ਜਲੰਧਰ), 14 ਅਕਤੂਬਰ- ਜ਼ਿਲ੍ਹਾ ਜਲੰਧਰ ਦਾ ਪਿੰਡ ਮਹਿਸਮਪੁਰ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਅਹਿਦ ਲੈਣ ਸਦਕਾ ਸੂਬੇ ਦੇ ਹੋਰਨਾਂ ਪਿੰਡਾਂ ਲਈ ਰਾਹ ਦਸੇਰਾ ਬਣਿਆਂ ਹੈ। ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦਾ ਅਹਿਦ ਲੈਣ ਵਾਲੇ ਤਹਿਸੀਲ ਨਕੋਦਰ ਦੇ ਇਸ ਪਿੰਡ ਮਹਿਸਮਪੁਰ ਦੀ ਪੰਚਾਇਤ ਅਤੇ ਅਗਾਂਹਵਧੂ ਕਿਸਾਨਾਂ ਦਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰਨਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਅੱਜ ਪਿੰਡ ਦਾ ਦੌਰਾ ਕੀਤਾ ਗਿਆ। ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਂਦੀਆਂ ਪੀੜੀਆਂ ਲਈ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਵੱਲ ਪਿੰਡ ਦੀ ਪੰਚਾਇਤ ਤੇ ਕਿਸਾਨਾਂ ਦਾ ਇਹ ਫੈਸਲਾ ਦੂਰਦਰਸ਼ੀ ਸੋਚ ਵਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਰਾਲੀ ਨੂੰ ਅੱਗ ਨਾ ਲਗਾਉਣ ਸਮੇਂ ਦੀ ਲੋੜ ਹੈ ਤਾਂ ਅਜਿਹੇ ਵਖਤ ਇਸ ਪਿੰਡ ਵੱਲੋਂ ਲਿਆ ਗਿਆ ਇਹ ਇਤਿਹਾਸਕ ਫੈਸਲਾ ਹੋਰਨਾਂ ਪਿੰਡਾਂ ਨੂੰ ਲਈ ਇਹ ਅਹਿਦ ਲੈਣ ਖਾਤਰ ਪ੍ਰੇਰਨਾ ਸਰੋਤ ਬਣੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਝੋਨੇ ਦੀ ਪ੍ਰਾਲੀ ਦਾ ਪ੍ਰਬੰਧਨ ਖਰਚੀਲਾ ਹੈ ਪਰ ਕਿਸਾਨਾਂ ਨੂੰ ਇਸ ਦੇ ਹੱਲ ਲਈ ਸਹਿਕਾਰੀ ਸਭਾਵਾਂ ਤੋਂ ਤਕਨੀਕੀ ਮਸ਼ੀਨਰੀ ਨੂੰ ਕਿਰਾਏ ‘ਤੇ ਲੈਣ ਵੱਲ ਅੱਗੇ ਵਧਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਸਮੇਂ ਦੀ ਲੋੜ ਹੈ ਕਿ ਕਿਸਾਨ ਮਨੁੱਖਤਾ ਦੇ ਹਿੱਤ ਨੂੰ ਮੁੱਖ ਰੱਖਦਿਆਂ ਆਧੁਨਿਕ ਤਕਨੀਕਾਂ ਨੂੰ ਅਪਨਾਉਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਸਖਤ ਮਿਹਨਤ ਸਦਕਾ ਹੋਰਨਾ ਸੂਬਿਆਂ ਨੂੰ ਰਾਹ ਵਿਖਾਇਆ ਹੈ ਭਾਵੇਂ ਇਹ ਹਰੀ ਕ੍ਰਾਂਤੀ ਹੋਵੇ ਭਾਵੇਂ ਖਾਧ ਪਦਾਰਥਾਂ ਦੀ ਪੈਦਾਵਾਰ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਹਾਲੇ ਸ਼ੁਰੂਆਤ ਹੈ ਪਰ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸੂਬੇ ਦੇ ਅਗਾਂਹਵਧੂ ਕਿਸਾਨ ਝੋਨੇ ਦੀ ਪਰਾਲੀ ਦੇ ਸੁਚਾਰੂ ਪ੍ਰਬੰਧਨ ਲਈ ਵੀ ਮੁਲਕ ਦੇ ਰਾਹ ਦਸੇਰਾ ਬਣਨਗੇ।
ਡਿਪਟੀ ਕਮਿਸ਼ਨਰ ਨੂੰ ਗੱਲਬਾਤ ਦੌਰਾਨ ਪਿੰਡ ਦੇ ਕਿਸਾਨਾ ਨੇ ਦੱਸਿਆ ਕਿ ਪਿੰਡ ਦੇ ਕਿਸਾਨਾ ਵੱਲੋਂ ਜਾਂ ਤਾਂ ਪ੍ਰਾਲੀ ਨੂੰ ਜ਼ਮੀਨ ਦੇ ਵਿੱਚ ਹੀ ਵਾਹਿਆ ਗਿਆ ਹੈ ਜਾਂ ਨੇੜਲੇ ਪਿੰਡ ਬੀਰ ਵਿਖੇ ਚੱਲ ਰਹੇ ਬਾਇਓਮਾਸ ਪਲਾਂਟ ਵਿਖੇ ਸਪਲਾਈ ਕੀਤਾ ਜਾ ਰਿਹਾ ਹੈ। ਪਿੰਡ ਵੱਲੋਂ ਲਏ ਗਏ ਇਸ ਫੈਸਲੇ ਨੂੰ ਕ੍ਰਾਂਤੀਕਾਰੀ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪਿੰਡ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਸ ਕਦਮ ਲਈ ਪਿੰਡ ਦੀ ਪੰਚਾਇਤ, ਕਿਸਾਨਾ ਤੇ ਸਹਿਕਾਰੀ ਸੁਸਾਇਟੀ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਨੇਰੇ ਵਿੱਚ ਦੀਵਾ ਜਗਾਉਣ ਵਾਂਗ ਪਿੰਡ ਵਾਸੀਆਂ ਵੱਲੋਂ ਲਿਆ ਗਿਆ ਇਹ ਫੈਸਲਾ ਹੋਰਨਾਂ ਪਿੰਡਾਂ ਲਈ ਜ਼ਰੂਰ ਰਾਹ ਦਸੇਰਾ ਬਣੇਗਾ।
ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜਿਥੇ ਜ਼ਮੀਨ ਦੇ ਜ਼ਰੂਰੀ ਤੱਤ ਤਬਾਹ ਹੁੰਦੇ ਹਨ ਉਥੇ ਇਸ ਨਾਲ ਮਨੁੱਖੀ ਸਿਹਤ ਨੂੰ ਵੀ ਹਾਨੀ ਪਹੁੰਚਦੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਦਾ ਅਹਿਦ ਲੈ ਕੇ ਪੰਜਾਬ ਨੂੰ ਪ੍ਰਦੂਸ਼ਨ ਮੁਕਤ ਤੇ ਹਰਿਅਆ ਭਰਿਆ ਬਣਾਉਣ ਲਈ ਮੋਹਰੀ ਭੂਮਿਕਾ ਨਿਭਾਉਣ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ, ਡੀ.ਐਸ.ਪੀ ਦਿਲਬਾਗ ਸਿੰਘ, ਖੇਤੀਬਾੜ੍ਹੀ ਅਫਸਰ ਡਾ. ਨਰੇਸ਼ ਗੁਲਾਟੀ ਤੋਂ ਇਲਾਵਾ ਪਿੰਡ ਦੇ ਸਰਪੰਚ ਸ੍ਰੀ ਮੋਹਨ ਲਾਲ, ਅਗਾਂਹਵਧੂ ਕਿਸਾਨ ਸ੍ਰੀ ਮਿਲਟਨ ਸਿੰਘ, ਸ੍ਰੀ ਕੁਲਬੀਰ ਸਿੰਘ, ਸ੍ਰੀ ਅਮਰਜੀਤ ਸਿੰਘ ਜੌਹਲ, ਸ੍ਰੀ ਮਹਿੰਦਰ ਸਿੰਘ ਧੰਜੂ, ਸ੍ਰੀ ਸੁਖਬੀਰ ਸਿੰਘ, ਸ੍ਰੀ ਜਸਿੰਦਰ ਸਿੰਘ, ਸ੍ਰੀ ਗੁਰਮੁੱਖ ਸਿੰਘ ਤੇ ਹੋਰ ਹਾਜ਼ਰ ਸਨ।



