Skip to content
Independent perspectives. Global stories.
BREAKING

ਪਰਾਲੀ ਨਾ ਫੂਕਣ ਲਈ ਪ੍ਰਸਾਸ਼ਨ ਨੇ 184 ਪੰਚਾਇਤਾਂ ਤੋਂ ਪਵਾਏ ਮਤੇ

Share this story

ਸਰਦੂਲਗੜ੍ਹ, 11 ਅਕਤੂਬਰ (ਬਲਜੀਤਪਾਲ, ਵਿਪਨ ਗੋਇਲ)- ਪ੍ਰਸਾਸ਼ਨ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਵੱਡੀ ਗਿਣਤੀ ਪੰਚਾਇਤਾਂ ਤੋਂ ਪਰਾਲੀ ਨਾ ਸਾੜਨ ਦੇ ਮਤੇ ਪਵਾਏ ਹਨ। ਸਰਦੂਲਗੜ੍ਹ ਬਲਾਕ ਦੀਆਂ 28 ਪੰਚਾਇਤਾਂ ਨੇ ਪ੍ਰਸਾਸ਼ਨ ਨੂੰ ਸਹਿਮਤੀ ਦਿੱਤੀ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਪਰਾਲੀ ਨਹੀਂ ਸਾੜੀ ਜਾਵੇਗੀ। ਇਸੇ ਤਰ੍ਹਾਂ ਝੁਨੀਰ ਬਲਾਕ ਦੀਆਂ 36 ਪੰਚਾਇਤਾਂ, ਬੁਢਲਾਡਾ ਦੀਆਂ 66 ਪੰਚਾਇਤਾਂ, ਭੀਖੀ ਬਲਾਕ ਦੀਆਂ 32 ਪੰਚਾਇਤਾਂ ਅਤੇ ਮਾਨਸਾ ਬਲਾਕ ਦੀਆਂ 28 ਪੰਚਾਇਤਾਂ ਨੇ ਪਰਾਲੀ ਨਾਲ ਸਾੜਨ ਦੀ ਗੱਲ ਕਹੀ ਹੈ। ਇਸ ਸਬੰਧੀ ਜਦੋਂ ਮਤੇ ਪਾਉਣ ਵਾਲੀਆਂ ਪੰਚਾਇਤਾਂ ਦੇ ਸਰਪੰਚਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਸਾਡੀ ਮਜ਼ਬੂਰੀ ਹੈ। ਅਸੀਂ ਕਾਨੂੰਨ ਦੇ ਬੱਝੇ ਹੋਏ ਹਾਂ। ਪ੍ਰਸਾਸ਼ਨ ਦਾ ਕਿਹਾ ਸਿਰ ਮੱਥੇ ਮੰਨਣਾ ਹੀ ਪੈਂਦਾ ਹੈ। ਉਨ੍ਹਾਂ ਦੱਸਿਆ ਅਸੀਂ ਮਤੇ ਵਿੱਚ ਸਿਰਫ ਇਹ ਹੀ ਲਿਖਿਆ ਹੈ ਕਿ ਪਿੰਡ ਦੀ ਪੰਚਾਇਤੀ ਜ਼ਮੀਨ ’ਚ ਪਰਾਲੀ ਨਹੀਂ ਸਾੜੀ ਜਾਵੇਗੀ। ਪਿੰਡ ਦੇ ਲੋਕਾਂ ਨੂੰ ਪਰਾਲੀ ਸਾੜੇ ਜਾਣ ਦੇ ਨੁਕਸਾਨ ਦੱਸੇ ਜਾਣਗੇ ਅਤੇ ਕਾਨੂੰਨਾਂ ਤੋਂ ਜਾਣੂ ਕਰਵਾਇਆ ਜਾਵੇਗਾ ਪਰ ਅਸੀਂ ਕਿਸੇ ਵੀ ਕਿਸਾਨ ਨੂੰ ਖੇਤ ਵਿੱਚ ਜਾ ਕੇ ਰੋਕ ਨਹੀਂ ਸਕਦੇ।
ਜਾਗਰੂਕਤਾ ਲਈ ਅਸੀਂ ਧਰਮਿਕ ਸਥਾਨਾਂ ਤੋਂ ਬੇਨਤੀਆਂ ਵੀ ਕਰਵਾ ਦਿੱਤੀਆਂ ਹਨ। ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਅਸੀਂ ਪਰਾਲੀ ਸਾੜੇ ਜਾਣ ਦੇ ਹੱਕ ਵਿੱਚ ਨਹੀਂ ਪਰ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਪੰਚਾਇਤਾਂ ਤੋਂ ਇੱਕੋ ਕਿਸਮ ਦੇ ਮਤੇ ਪਵਾ ਲੈਣੇ ਧੱਕੇਸ਼ਾਹੀ ਦਾ ਸਬੂਤ ਹੈ। ਉਨ੍ਹਾਂ ਕਿਹਾ ਲੋਕ ਮਸਲੇ ਧੱਕੇ ਨਾਲ ਨਹੀਂ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਅਤੇ ਮੱਦਦਾਂ ਦੇ ਕੇ ਹੱਲ ਕੀਤੇ ਜਾਂਦੇ ਹਨ।
ਕਿਸਾਨ ਆਗੂ ਗੋਰਾ ਸਿੰਘ ਭੈਣੀ, ਸੁਰਜੀਤ ਸਿੰਘ ਕੋਟ ਧਰਮੂ ਅਤੇ ਮਲੂਕ ਸਿੰਘ ਹੀਰਕੇ ਨੇ ਕਿਹਾ ਜਿਵੇਂ ਸਰਕਾਰ ਸ਼ਹਿਰਾਂ ਵਿੱਚੋਂ ਵੱਡੀਆਂ ਕੰਪਨੀਆਂ ਦਾ ਕਚਰਾ ਚੁੱਕਣ ਲਈ ਮੁਲਾਜ਼ਮ ਰੱਖਦੀ ਹੈ ਅਤੇ ਟੈਕਸਾਂ ਦੇ ਮੋਟੇ ਪੈਸੇ ਖਰਚਦੀ ਹੈ ਉਵੇਂ ਹੀ ਕਿਸਾਨਾਂ ਦੀ ਵੀ ਮੱਦਦ ਕਰੇ। ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਸਮੀ ਧਰਮਪਾਲ ਗੁਪਤਾ ਨੇ ਕਿਹਾ ਅਸੀਂ ਸਬੰਧਿਤ ਬਲਾਕਾਂ ਦੇ ਅਧਿਕਾਰੀਆਂ ਨੂੰ ਪੰਚਾਇਤਾਂ ਨਾਲ ਸਪੰਰਕ ਕਰਨ ਲਈ ਕਿਹਾ ਸੀ। ਸਾਰੇ ਮਤੇ ਪੰਚਾਇਤਾਂ ਨੇ ਖੁਦ ਪਾ ਕੇ ਦਿੱਤੇ ਹਨ ਕਿਸੇ ਨੂੰ ਵੀ ਮਜ਼ਬੂਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਪੰਚਾਇਤਾਂ ਦੀ ਜਿੰਮੇਵਾਰੀ ਹੈ ਕਿ ਉਹ ਪਿੰਡਾਂ ਦੇ ਕਿਸਾਨਾਂ ਨੂੰ ਸਰਕਾਰੀ ਕਾਨੂੰਨਾਂ ਬਾਰੇ ਜਾਗਰੂਕ ਕਰਨ । ਉਨ੍ਹਾਂ ਕਿਹਾ ਜੋ ਵੀ ਕਿਸਾਨ ਪਰਾਲੀ ਸਾੜੇਗਾ ਉਸ ਖ਼ਿਲਾਫ਼ ਬਣਦੀ ਕਾਨੁੰਨੀ ਕਾਰਵਈ ਕੀਤੀ ਜਾਵੇਗੀ।

WRITTEN BY