ਮੁੰਬਈ, 9 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਭਾਰਤੀ ਜਨਤਾ ਪਾਰਟੀ ਵੱਲੋਂ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਸੋਮਵਾਰ ਨੂੰ ਨਵੀਂ ਰਿਕਾਰਡ ਉਚਾਈ ‘ਤੇ ਪਹੁੰਚ ਗਏ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਉਮੀਦ ਬਝੀ ਹੈ ਕਿ 2014 ਦੀਆਂ ਆਮ ਚੋਣਾਂ ਤੋਂ ਬਾਅਦ ਸੱਤਾ ‘ਚ ਆਉਣ ਵਾਲੀ ਸਰਕਾਰ ਕਾਰੋਬਾਰ ਲਈ ਅਨੁਕੂਲ ਹੋਵੇਗੀ। ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 329.89 ਅੰਕ ਜਾਂ 1.57 ਫੀਸਦੀ ਦੇ ਵਾਧੇ ਨਾਲ 21,326.42 ਅੰਕਾਂ ਦੀ ਰਿਕਾਰਡ ਉਚਾਈ ‘ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 104 ਅੰਕਾਂ ਜਾਂ 1.66 ਫੀਸਦੀ ਦੇ ਵਾਧੇ ਨਾਲ 6,363.90 ਅੰਕਾਂ ‘ਤੇ ਪਹੁੰਚ ਗਿਆ। ਬਜ਼ਾਰ ‘ਚ ਹਰੇਕ 10 ‘ਚੋਂ 5 ਸ਼ੇਅਰਾਂ ‘ਚ ਲਾਭ ਰਿਹਾ। ਇਸ ਨਾਲ ਨਿਵੇਸ਼ਕਾਂ ਦੀ ਪੂੰਜੀ 75,000 ਕਰੋੜ ਰੁਪਏ ਵਧ ਗਈ। ਸੈਂਸੈਕਸ ਇਕ ਸਮੇਂ 21,483.74 ਅੰਕਾਂ ਦੀ ਇਤਿਹਾਸਕ ਉਚਾਈ ‘ਤੇ ਪਹੁੰਚਣ ਤੋਂ ਬਾਅਦ ਅਖੀਰ ‘ਚ ਹੁਣ ਤੱਕ ਦੇ ਸਭ ਤੋਂ ਵੱਡੇ ਉੱਚ ਪੱਧਰ 21,326.42 ਅੰਕਾਂ ‘ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਕਾਰੋਬਾਰ ਦੌਰਾਨ ਆਪਣੇ ਰਿਕਾਰਡ ਪੱਧਰ 6,415.25 ਅੰਕਾਂ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 8 ਜਨਵਰੀ, 2008 ਨੂੰ ਕਾਰੋਬਾਰ ਦੌਰਾਨ ਨਿਫਟੀ 6,357.10 ਅੰਕਾਂ ‘ਤੇ ਪੱਧਰ ‘ਤੇ ਪਹੁੰਚਿਆ ਸੀ।