June 24, 2026 8:41 am

ਤਰੁਣ ਤੇਜਪਾਲ ਨੂੰ ਰਾਹਤ

ਪਣਜੀ, 29 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸਾਥੀ ਪੱਤਰਕਾਰ ਨਾਲ ਸੈਕਸ ਸਬੰਧ ਕਾਇਮ ਕਰਨ ਦੇ ਮਾਮਲੇ ਵਿੱਚ ਫਸੇ ਤਹਿਲਕਾ ਦੇ ਮੁੱਖ ਸੰਪਾਦਕ ਤਰੁਣ ਤੇਜਪਾਲ ਦੀ ਪੇਸ਼ਗੀ ਜ਼ਮਾਨਤ ਉੱਪਰ ਸੁਣਵਾਈ ਸ਼ਨਿਚਰਵਾਰ ਤੱਕ ਟਲ ਗਈ ਹੈ। ਇਸ ਦੇ ਨਾਲ ਹੀ ਤੇਜਪਾਲ ਦੀ ਗ੍ਰਿਫ਼ਤਾਰੀ ਉੱਪਰ ਕੱਲ੍ਹ ਤੱਕ ਦੇ ਲਈ ਰੋਕ ਲੱਗ ਗਈ ਹੈ। ਇਸ ਤੋਂ ਪਹਿਲਾਂ ਗੋਆ ਲਈ ਰਵਾਨਾ ਹੋਣ ਦੇ ਦੌਰਾਨ ਤੇਜਪਾਲ ਨੇ ਕਿਹਾ ਕਿ ਮੈਨੂੰ ਅਦਾਲਤ ਵੱਲੋਂ ਕੱਲ੍ਹ ਸੰਮਨ ਜਾਰੀ ਕੀਤਾ ਗਿਆ ਹੈ ਅਤੇ ਜਾਂਚ ਵਿੱਚ ਸਾਮਿਲ ਹੋਣ ਦੇ ਲਈ ਉਹ ਗੋਆ ਜਾ ਰਿਹਾ ਹੈ। ਦੂਜੇ ਪਾਸੇ ਸੁਣਵਾਈ ਦੌਰਾਨ ਤੇਜਪਾਲ ਦੇ ਵਕੀਲ ਨੇ ਕਿਹਾ, ਤਹਿਲਕਾ ਦੇ ਮੁੱਖ ਸੰਪਾਦਕ ਉੱਪਰ ਲਾਏ ਜਾ ਰਹੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ। ਇਸ ਤੋਂ ਪਹਿਲਾਂ ਨਾਰਥ ਗੋਆ ਸੈਸ਼ਨ ਕੋਰਟ ਨੇ ਤੇਜਪਾਲ ਨੂੰ ਦੁਪਿਹਰ 2.30 ਵਜੇ ਤੱਕ ਦੇ ਲਈ ਪੇਸ਼ਗੀ ਜ਼ਮਾਨਤ ਦੇ ਦਿੱਤੀ ਸੀ। ਦੇਰ ਸ਼ਾਮ ਤੱਕ ਉਸ ਦੀ ਜ਼ਮਾਨਤ ਅਰਜ਼ੀ ਉੱਪਰ ਸੁਣਵਾਈ ਚੱਲਦੀ ਰਹੀ। ਇਸ ਤੋਂ ਬਾਅਦ ਤੇਜਪਾਲ ਦੀ ਅਰਜ਼ੀ ਉੱਪਰ ਸੁਣਵਾਈ ਕੱਲ੍ਹ ਤੱਕ ਲਈ ਟਾਲ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਗੋਆ ਪੁਲਿਸ ਨੇ ਅੱਜ ਨਵੀਂ ਦਿੱਲੀ ਵਿਖੇ ਉਨ੍ਹਾਂ ਦੇ ਘਰ ਛਾਪਾ ਮਾਰਿਆ, ਪਰ ਉਹ ਘਰ ਨਹੀਂ ਮਿਲੇ ਅਤੇ ਪੁਲਿਸ ਟੀਮ ਨੂੰ ਖਾਲੀ ਹੱਥ ਆਉਣਾ ਪਿਆ। ਗੋਆ ਦੇ ਫਾਈਵ ਸਟਾਰ ਹੋਟਲ ਦੀ ਲਿਫ਼ਟ ਵਿੱਚ ਆਪਣੀ ਹੀ ਇਕ ਸਹਿਕਰਮੀ ਨਾਲ ਸੈਕਸ ਸੋਸ਼ਣ ਕਰਨ ਦੇ ਦੋਸ਼ ਅਧੀਨ ਤੇਜਪਾਲ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਲੈ ਕੇ ਪੁਲਿਸ ਅੱਜ ਸਵੇਰੇ ਦੱਖਣ ਦਿੱਲੀ ਸਥਿਤ ਉਨ੍ਹਾਂ ਦੇ ਘਰ ਪਹੁੰਚੀ। ਇਹ ਪੁਲਿਸ ਟੀਮ ਕਰੀਬ 90 ਮਿੰਟ ਤੱਕ ਤੇਜਪਾਲ ਦੇ ਘਰ ਰਹੀ। ਇੱਕ ਅਧਿਕਾਰੀ ਨੇ ਦੱਸਿਆ ਕਿ ਘਰ ਵਿੱਚ ਤੇਜਪਾਲ ਨਹੀਂ ਮਿਲੇ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਕਰਮੀ ਵੀ ਗੋਆ ਪੁਲਿਸ ਦੇ ਦਲ ਦੇ ਨਾਲ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਤੇਜਪਾਲ ਦੀ ਪਤਨੀ ਗੀਤਨ ਬੱਤਰਾ ਨੇ ਉਨ੍ਹਾਂ ਬਾਰੇ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਤੇਜਪਾਲ ਨੇ ਜਾਂਚ ਲਈ ਪੁਲਿਸ ਸਾਹਮਣੇ ਪੇਸ਼ ਹੋਣ ਲਈ ਸ਼ਨੀਵਾਰ ਤੱਕ ਦਾ ਸਮਾਂ ਮੰਗਿਆ ਸੀ, ਜਿਸ ਨੂੰ ਪੁਲਿਸ ਨੇ ਠੁਕਰਾ ਦਿੱਤਾ ਅਤੇ ਫਿਰ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

Send this to a friend