June 24, 2026 8:37 am

ਸਿੱਖ ਕਤਲੇਆਮ ਦੇ ਦੋਸ਼ੀ ਟਾਈਟਲਰ ਨੂੰ ਗਾਂਧੀ ਪਰਿਵਾਰ ਦੀ ਸ਼ਹਿ : ਹਰਸਿਮਰਤ

ਮਾਨਸਾ, 29 ਨਵੰਬਰ (ਜਸਪਾਲ ਹੀਰੇਵਾਲਾ)-ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗਰੀਬਾਂ ਦੀ ਵੋਟਾਂ ਹਾਸਲ ਕਰਕੇ ਸੱਤਾ ਵਿਚ ਆਈ ਕੇਂਦਰ ਦੀ ਕਾਂਗਰਸ ਸਰਕਾਰ ਪਿਛਲੇ 10 ਸਾਲਾਂ ਤੋਂ ਉਨ੍ਹਾਂ ਨੂੰ ਮਹਿੰਗਾਈ ਦੀ ਮਾਰ ਰਹੀ ਹੈ, ਪਰ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਗਰੀਬ ਵਰਗ ਦੀ ਬਾਂਹ ਫੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪਿਛਲੇ 7 ਸਾਲਾਂ ਤੋਂ ਗਰੀਬ ਵਰਗ ਨੂੰ ਸਸਤਾ ਅਨਾਜ ਦਿੱਤਾ ਜਾ ਰਿਹਾ ਹੈ ਅਤੇ ਹੁਣ ਸੂਬੇ ਵਿਚ ਇਕ ਰੁਪਏ ਕਿਲੋ ਆਟਾ ਅਗਲੇ ਮਹੀਨੇ ਤੋਂ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਕਾਂਗਰਸ ਸਰਕਾਰ ਸੂਬਿਆਂ ਦਾ ਵਿਕਾਸ ਨਹੀਂ ਬਲਕਿ ਘਪਲੇ ਕਰਕੇ ਦੇਸ਼ ਵਾਸੀਆਂ ਦੀ ਖੂਨ-ਪਸੀਨੇ ਦੀ ਕਮਾਈ ਨਾਲ ਆਪਣਾ ਪੇਟ ਭਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਵਲੋਂ ਕਾਮਨਵੈਲਥ ਖੇਡਾਂ, 2ਜੀ ਸਪੈਕਟ੍ਰਮ ਘਪਲਾ, ਕੋਲਾ ਬਲਾਕ ਵੰਡ ਘਪਲਾ ਅਤੇ ਨਿੱਤ ਦਿਨ ਸਾਹਮਣੇ ਆ ਰਹੇ ਹੋਰ ਘਪਲਿਆਂ ਦੇ ਪੈਸਿਆਂ ਵਿਚੋਂ ਜੇਕਰ ਹਜ਼ਾਰ-ਹਜ਼ਾਰ ਦੇ ਨੋਟ ਦਿੱਲੀ ਤੱਕ ਸੜਕਾਂ ‘ਤੇ ਵਿਛਾ ਦਿੱਤੇ ਜਾਣ ਤਾਂ ਇਹ ਪੈਸੇ ਖ਼ਤਮ ਨਹੀਂ ਹੋਣਗੇ। ਬੀਬੀ ਬਾਦਲ ਬੁਢਲਾਡਾ ਹਲਕੇ ਦੇ ਪਿੰਡਾਂ ਵਿਚ ਕੀਤੇ ਸੰਗਤ ਦਰਸ਼ਨ ਦੌਰਾਨ ਸੰਬੋਧਨ ਕਰ ਰਹੇ ਸਨ। ਬੀਬੀ ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਗਰੀਬ ਵਰਗ ਨੂੰ ਅਗਲੇ ਮਹੀਨੇ ਤੋਂ ਇਕ ਰੁਪਏ ਕਿਲੋ ਆਟਾ ਦਿੱਤਾ ਜਾ ਰਿਹਾ ਹੈ, ਤਾਂ ਜੋ ਸੂਬੇ ਦਾ ਕੋਈ ਵੀ ਵਿਅਕਤੀ ਭੁੱਖਾ ਨਾ ਸੌਂ ਸਕੇ। ਉਨ੍ਹਾਂ ਕਿਹਾ ਕਿ ਇਹ ਸਹੂਲਤ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਨਵੇਂ ਨੀਲੇ ਕਾਰਡ ਵੀ ਬਣਾਏ ਜਾ ਰਹੇ ਹਨ, ਜਿਸ ਲਈ ਫਾਰਮ ਭਰਕੇ ਡਿਪਟੀ ਕਮਿਸ਼ਨਰ ਦਫ਼ਤਰ ਜਮ੍ਹਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਦਾ ਦੋਸ਼ੀ ਜਗਦੀਸ਼ ਟਾਈਟਲਰ, ਜੋ ਗਾਂਧੀ ਪਰਿਵਾਰ ਦੀ ਰਹਿਨੁਮਾਈ ਹੇਠ ਬਚਿਆ ਆ ਰਿਹਾ ਹੈ, ਉਸਨੂੰ ਇਕ ਦਿਨ ਸਿੱਖਾਂ ਦਾ ਕਤਲੇਆਮ ਕਰਨ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਇਸਨੂੰ ਜ਼ਿਆਦਾ ਦੇਰ ਤੱਕ ਬਚਾਕੇ ਨਹੀਂ ਰੱਖ ਸਕਦਾ। ਲੋਕ ਸਭਾ ਮੈਂਬਰ ਨੇ ਅਪੀਲ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ•ੇ ਦੇ ਵਿਦਿਆਰਥੀ ਵੱਧ ਤੋਂ ਵੱਧ ਪੜ੍ਹਾਈ ਵਿਚ ਰੁਚੀ ਦਿਖਾਉਣ ਅਤੇ 10ਵੀਂ ਵਿਚੋਂ 80 ਫ਼ੀਸਦੀ ਨੰਬਰ ਲੈਕੇ ਸਰਕਾਰ ਦੀ 30 ਹਜ਼ਾਰ ਸਲਾਨਾ ਵਜ਼ੀਫਾ ਸਕੀਮ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਜਿੱਥੇ ਸੂਬਾ ਸਰਕਾਰ ਵਲੋਂ ਸਮਾਜ ਦੇ ਹਰੇਕ ਵਰਗ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ, ਜਿਸ ਕਾਰਨ ਦੇਸ਼ ਵਾਸੀ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਬਕ ਸਿਖਾਉਣ ਲਈ ਉਤਾਵਲੇ ਬੈਠੇ ਹਨ। ਲੋਕ ਸਭਾ ਮੈਂਬਰ ਨੇ ਅੱਜ ਪਿੰਡ ਸੰਦਲੀ, ਫਰੀਦਕੇ, ਮਲਕਪੁਰ ਭੀਮੜਾ, ਉਡਤ ਸੈਦੇਵਾਲਾ, ਗਾਮੀਵਾਲਾ, ਲੱਖੀਵਾਲਾ ਅਤੇ ਪਿੰਡ ਤਾਲਬਵਾਲਾ ਵਿਖੇ ਸੰਗਤ ਦਰਸ਼ਨ ਦੌਰਾਨ ਪਿੰਡਾਂ ਦੀਆਂ ਸਮੱਸਿਆਵਾਂ ਸੁਣਕੇ, ਉਨ੍ਹਾਂ ਦਾ ਮੌਕੇ ‘ਤੇ ਹੱਲ ਕਰਨ ਲਈ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਸੰਗਤ ਦਰਸ਼ਨ ਤੋਂ ਪਹਿਲਾਂ ਉਨ੍ਹਾਂ ਪਿੰਡ ਬੁਢਲਾਡਾ ਵਿਖੇ ਨਵੀਂ ਬਣੀ ਸੈਣੀ ਧਰਮਸ਼ਾਲਾ ਦੀਆਂ ਚਾਬੀਆਂ ਵੀ ਸੈਣੀ ਭਾਈਚਾਰੇ ਨੂੰ ਸੌਂਪੀਆਂ। ਉਨ੍ਹਾਂ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਵੀ ਜਾਰੀ ਕੀਤੀਆਂ, ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਲਈ ਖੇਡ ਕਿੱਟਾਂ ਵੰਡਣ ਦੇ ਨਾਲ-ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟਿਆਂ ਦਾ ਪ੍ਰਸ਼ਾਦ ਅਤੇ ਪੰਚਾਇਤਾਂ ਨੂੰ ਭਾਂਡੇ ਵੀ ਸੌਂਪੇ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਤਕਰੀਬਨ 200 ਪਰਿਵਾਰ ਵੱਖ-ਵੱਖ ਪਾਰਟੀਆਂ ਛੱਡਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ, ਜਿਨ੍ਹਾਂ ਦਾ ਬੀਬੀ ਬਾਦਲ ਨੇ ਸਿਰੋਪੇ ਪਾ ਕੇ ਸਵਾਗਤ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਬੁਢਲਾਡਾ ਸ਼੍ਰੀ ਚਤਿੰਨ ਸਿੰਘ ਸਮਾਓ, ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ, ਐਸ.ਐਸ.ਪੀ. ਸ਼੍ਰੀ ਭੁਪਿੰਦਰ ਸਿੰਘ ਖੱਟੜਾ, ਸਾਬਕਾ ਵਿਧਾਇਕ ਅਤੇ ਜ਼ਿਲ•ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਹਰਬੰਤ ਸਿੰਘ ਦਾਤੇਵਾਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼੍ਰੀ ਮਲਕੀਤ ਸਿੰਘ ਸਮਾਓ, ਸ਼੍ਰੀ ਜੋਗਾ ਸਿੰਘ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਹਾਜ਼ਰ ਸਨ।

Send this to a friend