ਫਿਰੋਜ਼ਪੁਰ, 4 ਅਕਤੂਬਰ (ਸਤਬੀਰ ਬਰਾੜ)- ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਵਲੋਂ ਨਸ਼ਾ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਗਈ ਵਿਸੇਸ਼ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਦੋ ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਡਰੱਗ ਮਨੀ ਇਕ ਲਖ ਰੁਪਏ, ਇਕ ਕਾਰ ਆਈ ਟਵੰਟੀ ਅਤੇ ਕੰਡਿਆਲੀ ਤਾਰੋਂ ਪਾਰ ਤੋਂ ਚਾਰ ਕਰੋੜ ਦੀ ਹੈਰੋਇਨ ਬਰਾਮਦ ਕੀਤੀ। ਫਿਰੋਜ਼ਪੁਰ ਵਿਖੇ ਸੱਦੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਏ.ਆਈ.ਜੀ. ਨਰਿੰਦਰਪਾਲ ਸਿੰਘ ਨੇ ਦਸਿਆ ਕਿ ਇੰਸਪੈਕਟਰ ਪਰਮਜੀਤ ਸਿੰਘ, ਸਬ ਇੰਸਪੈਕਟਰ ਤਰਲੋਚਨ ਸਿੰਘ, ਸਹਾਇਕ ਥਾਣੇਦਾਰ ਜਤਿੰਦਰਜੀਤ ਸਿੰਘ ਅਤੇ ਐਚ.ਸੀ. ਰੋਹਿਤ ਮਰੂਫੀਆ ਜਦੋਂ ਗਸ਼ਤ ਕਰਕੇ ਕੁਝ ਸ਼ੱਕੀ ਵਿਅਕਤੀ ਤੇ ਨਜ਼ਰ ਰੱਖ ਰਹੇ ਸਨ ਤਾਂ ਇਸ ਦੌਰਾਨ ਇਕ ਮੁਖਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਦੋ ਵਿਅਕਤੀ ਇਕ ਕਾਰ ਵਿਚ ਸਵਾਰ ਹੋ ਕੇ ਹੈਰੋਇਨ ਸਪਲਾਈ ਕਰਨ ਜਾ ਰਹੇ ਹਨ। ਪੁਲਿਸ ਨੇ ਮੁਖਬਰ ਵਲੋਂ ਦਿੱਤੀ ਗਈ ਖੂਫੀਆ ਇਤਲਾਹ ਤੇ ਕਾਰਵਾਈ ਕਰਦਿਆ ਦੋ ਵਿਅਕਤੀਆਂ ਨੂੰ ਇਕ ਕਾਰ ਸਮੇਤ ਕਾਬੂ ਕਰ ਲਿਆ ਗਿਆ। ਫੜੇ ਗਏ ਵਿਅਕਤੀ ਦੀ ਪਛਾਣ ਅਵਤਾਰ ਸਿੰਘ ਉਰਫ਼ ਤਾਰੀ ਪੁਤਰ ਸੂਬਾ ਸਿੰਘ ਵਾਸੀ ਖੁਡਾ ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਅਤੇ ਸਰਬਜੀਤ ਸਿੰਘ ਪੁਤਰ ਗੁਰਨਾਮ ਸਿੰਘ ਵਾਸੀ ਅਗਰਵਾਲ ਕਾਲੋਨੀ ਅੰਬਾਲਾ ਕੈਂਟ ਹਰਿਆਣਾ ਵਜੋਂ ਹੋਈ। ਪੁਛਗਿਛ ਦੌਰਾਨ ਉਕਤ ਵਿਅਕਤੀ ਨਸ਼ਾ ਤਸਕਰ ਨਿਕਲੇ, ਜਿਨ੍ਹਾਂ ਕੋਲੋਂ ਜਿਥੇ ਇਕ ਲਖ ਰੁਪਏ ਡਰਗ ਮਨੀ ਬਰਾਮਦ ਕੀਤੀ ਗਈ, ਉਥੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਹਿੰਦ-ਪਾਕਿ ਸਰਹਦ ਤੇ ਪੈਂਦੀ ਬੀ.ਐਸ.ਐਫ. ਚੌਂਕੀ ਨਿਊ ਗਜ਼ਨੀ ਵਾਲਾ ਦੇ ਖੇਤਰ ਵਿਚ ਕੰਡਿਆਲੀ ਤਾਰੋਂ ਪਾਰ ਗੇਟ ਨੰਬਰ 214/2 ਦੇ ਖੇਤਰ ਵਿਚੋਂ ਕੁਝ ਲੋਕਾਂ ਦੇ ਸਹਿਯੋਗ ਨਾਲ ਇਕ ਪੈਕੇਟ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 800 ਗ੍ਰਾਮ ਪਾਇਆ ਗਿਆ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ 4 ਕਰੋੜ ਰੁਪਏ ਦਸੀ ਜਾ ਰਹੀ ਹੈ। ਏ.ਆਈ.ਜੀ. ਨਰਿੰਦਰਪਾਲ ਸਿੰਘ ਸਿਧੂ ਨੇ ਦਸਿਆ ਕਿ ਅਵਤਾਰ ਸਿੰਘ ਤਾਰੀ ਜਿਥੇ ਇਕ ਨਾਮੀ ਸਮੱਗਲਰ ਹੈ, ਉਥੇ ਉਹ ਅਤਵਾਦੀ ਗਤੀਵਿਧੀਆਂ ਵਿਚ ਵੀ ਭਾਗ ਲੈਂਦਾ ਰਿਹਾ ਹੈ, ਜਿਸ ਕਾਰਨ ਉਹ ਵਖ-ਵਖ ਮੁਕਦਮਿਆਂ ਦਾ ਸਾਹਮਣਾ ਕਰਦਾ ਹੋਇਆ 10 ਸਾਲ ਸਜ਼ਾ ਕਟ ਚੁਕਾ ਹੈ। ਦੂਜਾ ਮੁਲਜ਼ਮ ਸਰਬਜੀਤ ਸਿੰਘ ਜੋ ਬੀ.ਬੀ.ਏ. ਦਾ ਵਿਦਿਆਰਥੀ ਹੈ, ਦਾ ਪਿਤਾ ਗੁਰਨਾਮ ਸਿੰਘ ਇਕ ਨਾਮੀ ਸਮਗਲਰ ਹੈ, ਜੋ ਕੁਝ ਸਮਾਂ ਪਹਿਲਾਂ ਨਸ਼ਾ ਸਮਗਿਲੰਗ ਕਰਦੇ ਸਮੇਂ 3 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ, ਜੋ ਲੁਧਿਆਣਾ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਦਸਿਆ ਕਿ ਅਵਤਾਰ ਸਿੰਘ ਤਾਰੀ ਅਤੇ ਸਰਬਜੀਤ ਸਿੰਘ ਵਿਰੁੱਧ ਥਾਣਾ ਲਖੋ ਕੇ ਬਹਿਰਾਮ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਕਾਊਂਟਰ ਇੰਟੈਲੀਜੈਂਸ ਨੂੰ ਵੱਡੀ ਸਫ਼ਲਤਾ: 2 ਸਮੱਗਲਰ ਨਕਦੀ, ਕਾਰ ਤੇ ਹੈਰੋਇਨ ਸਮੇਤ ਕਾਬੂ



