ਤਲਵੰਡੀ ਸਾਬੋ, 4 ਅਕਤੂਬਰ (ਰਾਮ ਰੇਸ਼ਮ ਨਥੇਹਾ)- ਬੀਤੇ ਦਿਨੀਂ ਤਲਵੰਡੀ ਸਾਬੋ ਵਿਖੇ ਦਿਨ ਦਿਹਾੜੇ ਬੈਂਕ ਵਿੱਚ ਫੀਸ ਭਰਨ ਜਾ ਰਹੇ ਨੌਜਵਾਨ ਤੋਂ ਪਿਸਤੌਲ ਦੀ ਨੋਕ ਤੇ ਦੋ ਮੋਬਾਈਲ ਖੋਹ ਕੇ ਭੱਜਣ ਵਾਲਿਆਂ ਨੂੰ ਪੁਲਿਸ ਨੇ ਅੱਜ ਪੁਖਤਾ ਸੂਚਨਾ ਦੇ ਆਧਾਰ ਤੇ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ। ਪੁਲਿਸ ਨੇ ਕਥਿਤ ਦੋਸ਼ੀਆਂ ਤੋਂ ਦੋ ਪਿਸਤੌਲ ਅਤੇ ਮੋਬਾਈਲ ਬਰਾਮਦ ਕੀਤੇ ਹਨ। ਡੀ. ਐਸ. ਪੀ ਬਰਿੰਦਰ ਸਿੰਘ ਗਿੱਲ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਤਲਵੰਡੀ ਸਾਬੋ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ 25 ਸਤੰਬਰ ਨੂੰ ਬਾਦ ਦੁਪਹਿਰ ਜਦੋਂ ਉਹ ਆਪਣੇ ਦੋਸਤ ਰੁਪਿੰਦਰ ਸਿੰਘ ਨਾਲ ਬੈਂਕ ਵਿੱਚ ਫੀਸ ਜਮ੍ਹਾ ਕਰਵਾਉਣ ਜਾ ਰਿਹਾ ਸੀ ਤਾਂ ਜਗਜੋਤ ਸਿੰਘ ਤੇ ਰਾਜਵੀਰ ਸਿੰਘ ਰਾਜੂ ਪੁੱਤਰਾਨ ਹਰਮੇਲ ਸਿੰਘ ਅਤੇ ਬੀਰੀ ਸਿੰਘ ਵਾਸੀਆਨ ਤਲਵੰਡੀ ਸਾਬੋ ਨੇ ਪਿਸਤੌਲ ਦੀ ਨੋਕ ‘ਤੇ ਉਨਾਂ ਤੋਂ ਦੋ ਮੋਬਾਈਲ ਖੋਹ ਲਏ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਕਥਿਤ ਦੋਸ਼ੀਆਂ ਦੀ ਤਲਾਸ਼ ਵਿੱਚ ਲੱਗ ਗਈ ਸੀ ਤੇ ਅੱਜ ਏ. ਐਸ. ਆਈ ਗੁਰਜੰਟ ਸਿੰਘ ਨੇ ਜਗਜੋਤ ਸਿੰਘ ਤੇ ਰਾਜਵੀਰ ਸਿੰਘ ਰਾਜੂ ਨੂੰ ਪੁਖਤਾ ਸੂਚਨਾ ਦੇ ਆਧਾਰ ਤੇ ਮੋਟਰਸਾਈਕਲ ਤੇ ਜਾਂਦਿਆਂ ਕਾਬੂ ਕਰ ਲਿਆ ਤੇ ਤਲਾਸ਼ੀ ਦੌਰਾਨ ਉਨਾਂ ਕੋਲੋਂ ਬੀਤੇ ਦਿਨ ਖੋਹੇ ਗਏ ਦੋਵੇਂ ਮੋਬਾਈਲ, ਦੋ ਪਿਸਤੌਲ 12 ਬੋਰ ਸਮੇਤ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਡੀ. ਐਸ. ਪੀ ਗਿੱਲ ਅਨੁਸਾਰ ਉਕਤ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਉਨਾਂ ਵੱਲੋਂ ਕੀਤੀਆਂ ਗਈਆਂ ਹੋਰ ਵਾਰਦਾਤਾਂ ਬਾਰੇ ਪਤਾ ਲਾਇਆ ਜਾ ਸਕੇ।
ਪਿਸਤੌਲ ਦੀ ਨੋਕ ’ਤੇ ਫੋਨ ਖੋਹਣ ਵਾਲੇ ਚੜ੍ਹੇ ਪੁਲਿਸ ਅੜਿੱਕੇ, 2 ਪਿਸਤੌਲ ਬਰਾਮਦ



