ਤਲਵੰਡੀ ਸਾਬੋ, 30 ਸਤੰਬਰ (ਰਾਮ ਰੇਸ਼ਮ ਨਥੇਹਾ)- ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗਠਿਤ ਕੀਤੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸੰਮਨ ਭੇਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਿਕਾਰਡ ਤਲਬ ਕਰਨ ਦੇ ਮਾਮਲੇ ਨੂੰ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸਿਧਾਤਾਂ ਅਤੇ ਸਿੱਖ ਪ੍ਰੰਪਰਾਵਾਂ ਦੇ ਉਲਟ ਕਰਾਰ ਦਿੱਤਾ ਹੈ। ਸਿੰਘ ਸਾਹਿਬ ਨੇ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ਦੌਰਾਨ ਵਿਚਾਰੇ ਜਾਣ ਦੇ ਸੰਕੇਤ ਵੀ ਦਿੱਤੇ ਹਨ। ਦਮਦਮਾ ਸਾਹਿਬ ਵਿਖੇ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ। ਸ੍ਰੀ ਅਕਾਲ ਤਖਤ ਸਾਹਿਬ ਅਤੇ ਉਸਦਾ ਜਥੇਦਾਰ ਸਾਰੀਆਂ ਦੁਨਿਆਵੀ ਅਦਾਲਤਾਂ ਅਤੇ ਏਜੰਸੀਆਂ ਤੋਂ ਉਪਰ ਦਾ ਦਰਜਾ ਰੱਖਦਾ ਹੈ। ਇਹੀ ਪ੍ਰੰਪਰਾ ਚੱਲੀ ਆਉਂਦੀ ਹੈ ਕਿ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੁਨਿਆਵੀ ਅਦਾਲਤ ਵਿੱਚ ਅਹੁਦੇ ‘ਤੇ ਰਹਿੰਦਿਆਂ ਪੇਸ਼ ਨਹੀਂ ਹੋ ਸਕਦਾ ਉਵੇਂ ਹੀ ਕਿਸੇ ਸਰਕਾਰੀ ਏਜੰਸੀ ਜਾ ਕਮਿਸ਼ਨ ਕੋਲ ਇਹ ਅਧਿਕਾਰ ਹੀ ਨਹੀਂ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਰਿਕਾਰਡ ਤਲਬ ਕਰ ਸਕੇ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਇਤਿਹਾਸ ਵਿੱਚ ਪਹਿਲੀ ਵਾਰ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਉਨਾਂ ਸਹਿਯੋਗ ਮੰਗਣ ਦੀ ਥਾਂ ਇੱਕ ਸਰਕਾਰੀ ਕਮਿਸ਼ਨ ਹੋਣ ਦੇ ਨਾਤੇ ਹੁਕਮੀਆ ਲਹਿਜੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਿਕਾਰਡ ਤਲਬ ਕੀਤਾ ਹੈ ਤੇ ਜੇ ਰਿਕਾਰਡ ਦੇ ਵੀ ਦਿੱਤਾ ਜਾਂਦਾ ਹੈ ਤਾਂ ਇਹ ਸਿੱਖ ਕੌਮ ਅੰਦਰ ਨਵੀਂ ਰਵਾਇਤ ਪੈਦਾ ਕਰਨ ਵਾਲੀ ਗੱਲ ਹੋਵੇਗੀ ਤੇ ਅੱਗੇ ਤੋਂ ਤਖਤ ਸਾਹਿਬਾਨ ਦੇ ਕੰਮਕਾਜ ਵਿੱਚ ਸਰਕਾਰਾਂ ਦੀ ਦਖਲਅੰਦਾਜੀ ਦਾ ਰਾਹ ਪੱਧਰਾ ਹੋ ਜਾਵੇਗਾ ਜੋ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਸਰਕਾਰੀ ਕਮਿਸ਼ਨ ਵੱਲੋਂ ਰਿਕਾਰਡ ਤਲਬ ਕੀਤੇ ਜਾਣ ਨਾਲ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਵੀ ਠੇਸ ਪੁੱਜੀ ਹੈ। ਸਿੰਘ ਸਾਹਿਬ ਨੇ ਇਸ ਅਤਿ ਗੰਭੀਰ ਮਸਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ 13 ਅਕਤੂਬਰ ਨੂੰ ਹੋਣ ਜਾ ਰਹੀ ਪੰਜੇ ਤਖ਼ਤਾਂ ਦੇ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵੀ ਵਿਚਾਰੇ ਜਾਣ ਦੇ ਸੰਕੇਤ ਦਿੱਤੇ ਹਨ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਿਕਾਰਡ ਤਲਬ ਕਰਨਾ ਸਿੱਖ ਸਿਧਾਤਾਂ ਦੇ ਉਲਟ : ਜਥੇ. ਗਿਆਨੀ ਹਰਪ੍ਰੀਤ ਸਿੰਘ



