ਫਿਰੋਜ਼ਪੁਰ, 28 ਸਤੰਬਰ (ਮਨੋਹਰ ਲਾਲ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਅੱਜ ਸੈਂਕੜੇ ਕਿਸਾਨਾਂ, ਮਜ਼ਦੂਰਾਂ ਵੱਲੋਂ ਡੀਸੀ ਦਫਤਰ ਜ਼ਿਲ੍ਹਾ ਫਿਰੋਜ਼ਪੁਰ ਅੱਗੇ ਦੋ ਰੋਜ਼ਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਜਿਸ ਦੇ ਅੱਜ ਪਹਿਲੇ ਦਿਨ ਧਰਨ ਦੀ ਪ੍ਰਧਾਨਗੀ ਸੁਖਦੇਵ ਸਿੰਘ ਮੰਡ, ਸਾਹਬ ਸਿੰਘ ਦੀਨੇਕੇ, ਸੁਰਿੰਦਰ ਸਿੰਘ ਘੁੱਦੂਵਾਲਾ, ਸੁਖਦੇਵ ਸਿੰਘ ਮਾਛੀਕੇ ਪ੍ਰਧਾਨਗੀ ਮੰਡਲ ਨੇ ਕੀਤੀ। ਧਰਨੇਕਾਰੀਆਂ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ’ਤੇ ਪ੍ਰਣ ਕੀਤਾ ਗਿਆ ਕਿ ਲੁੱਟ ਰਹਿਤ ਕਿਸਾਨਾਂ, ਮਜ਼ਦੂਰਾਂ ਦਾ ਰਾਜ ਸਿਰਜਣ ਲਈ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੁਰਜੀਤ ਸਿੰਘ ਗੱਟਾ ਬਾਦਸ਼ਾਹ, ਸੁਖਵੰਤ ਸਿੰਘ ਲੋਹੁਕਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਮੌਕੇ ਹਰ ਤਰ੍ਹਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਦਾ ਚੋਣ ਵਾਅਦਾ ਕੀਤਾ ਹੈ, ਹੁਣ ਬਹਾਨੇਬਾਜ਼ੀ ਕਰਕੇ 10 ਲੱਖ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਰਾਹਤ ਦੇਣ ਦੇ ਕੀਤੇ ਜਾ ਰਹੇ ਪ੍ਰਚਾਰ ਵਿਚ ਦਮ ਨਹੀਂ ਹੈ, ਇਸ ਲਈ ਵੀ 20 ਹਜ਼ਾਰ ਕਰੋੜ ਦੀ ਲੋੜ ਪਵੇਗੀ, ਪਰ ਗੱਲ ਸਿਰਫ 9500 ਕਰੋੜ ਦੀ ਕੀਤੀ ਜਾ ਰਹੀ ਹੈ। ਇਸ ਲਈ ਕਿਸਾਨ ਜਥੇਬੰਦੀ ਵੱਲੋਂ ਇਸ ਨਿਗੁਣੀ ਰਾਹਤ ਰੱਦ ਕੀਤਾ ਜਾਂਦਾ ਹੈ, ਪੰਜਾਬ ਦੇ ਕਿਸਾਨਾਂ ਨਾਲ ਇਹ ਕੋਝਾ ਮਜ਼ਾਕ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨ ਮਜ਼ਦੂਰਾਂ ਸਿਰ ਇਕ ਲੱਖ ਪੰਜ ਹਜ਼ਾਰ ਕਰੋੜ ਦਾ ਸਰਕਾਰੀ, ਸਹਿਕਾਰੀ ਤੇ ਗੈਰ ਸਰਕਾਰੀ ਕਰਜ਼ਾ ਹੈ।ਕਿਸਾਨ ਆਗੂਆਂ ਨੇ ਡਾ. ਸੁਆਮੀਨਾਥਨ ਕਸ਼ਿਨ ਦੀ ਰਿਪੋਰਟ ਲਾਗੂ ਕਰਨ, ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇ ਕੇ ਬਸਤੀ ਨਾਮਦੇਵ ਤੇ ਟਾਹਲੀ ਦੇ ਆਬਾਦਕਾਰਾਂ ਨੂੰ ਜ਼ਮੀਨ 99 ਸਾਲਾ ਪਟੇ ਉਤੇ ਦਿੱਤੀ ਜਾਵੇ। ਇਸ ਮੌਕੇ ਲਖਵਿੰਦਰ ਸਿੰਘ ਬਸਤੀ ਨਾਮਦੇਵ, ਜਰਨੈਲ ਸਿੰਘ, ਜਗਵਿੰਦਰ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ ਲੱਲੇ, ਜਰਨੈਲ ਸਿੰਘ ਵਾਰਸ ਵਾਲਾ ਜੱਟਾ, ਕੁਲਵਿੰਦਰ ਸਿੰਘ ਲੋਹੁਕਾ, ਸੁਖਵਿੰਦਰ ਸਿੰਘ ਬਾਜਵਾ, ਅੰਗਰੇਜ਼ ਸਿੰਘ, ਰਸ਼ਪਾਲ ਸਿੰਘ ਬੂਟੇਵਾਲਾ, ਗੁਰਸੇਵਕ ਸਿੰਘ ਆਲੇਵਾਲਾ, ਸੁਰਜੀਤ ਸਿੰਘ ਰੋਡੇਵਾਲਾ, ਹਰਫੂਲ ਸਿੰਘ, ਬਚਿੱਤਰ ਸਿੰਘ ਕੁਤਬਦੀਨ, ਨਿਸ਼ਾਨ ਸਿੰਘ, ਸੁਖਜੀਤ ਸਿੰਘ ਕਮਾਲੇਵਾਲਾ, ਬਲਕਾਰ ਸਿੰਘ ਆਰਿਫਕੇ, ਸਤਨਾਮ ਸਿੰਘ ਕਟੋਰਾ ਆਦਿ ਹਾਜ਼ਰ ਸਨ।
ਕਿਸਾਨਾਂ, ਮਜ਼ਦੂਰਾਂ ਵੱਲੋਂ ਡੀ.ਸੀ. ਦਫਤਰ ਅੱਗੇ ਦੋ ਰੋਜ਼ਾ ਧਰਨਾ ਸ਼ੁਰੂ



