ਮੂਣਕ, ਛਾਜਲੀ, ਲਹਿਰਾਗਾਗਾ, ਖਨੌਰੀ (ਸੰਗਰੂਰ), 23 ਨਵੰਬਰ (ਹਰਿੰਦਰਪਾਲ ਸਿੰਘ ਖਾਲਸਾ, ਕੁਲਵੰਤ ਛਾਜਲੀ, ਦਿਆ ਸਿੰਘ ਚੋਟੀਆਂ, ਰਾਕੇਸ਼, ਰਣਦੀਪ ਖੰਗੂੜਾ, ਕੁਲਵੰਤ ਦੇਹਲਾ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਦੇਸ਼ ਨੂੰ ਮਹਿੰਗਾਈ, ਭ੍ਰਿਸ਼ਟਾਚਾਰ ਤੋਂ ਬਿਨ੍ਹਾਂ ਕੁਝ ਨਹੀਂ ਦਿੱਤਾ ਹੈ, ਜਿਸ ਕਰਕੇ ਦੇਸ਼ ਨੂੰ ਬਚਾਉਣ ਲਈ ਆਜਾਦੀ ਪਿੱਛੋਂ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿਚ ਚਲਦਾ ਕਰ ਦਿੱਤਾ ਜਾਵੇ।
ਅੱਜ ਇੱਥੇ ਸੰਗਰੂਰ ਜਿਲ੍ਹੇ ਵਿਚ 88 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਪਿੱਛੋਂ ਮੂਣਕ ਵਿਖੇ ਭਾਰੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਅਰਥਸ਼ਾਸ਼ਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਆਮ ਵਰਤੋਂ ਵਾਲੀਆਂ ਵਸਤਾਂ ਤੋਂ ਲੈ ਕੇ ਯੂਰੀਆ, ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ‘ਹਾਲਤ ਇਹ ਹੋ ਗਈ ਹੈ ਕਿ ਗੰਢੇ ਤੇਲ ਨਾਲੋਂ ਮਹਿੰਗੇ ਹੋ ਗਏ ਹਨ’।
ਪੰਜਾਬ ਕਾਂਗਰਸ ਨੂੰ ਨਜ਼ਰੀਆ ਰਹਿਤ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ‘ਮੈਂ ਆਪਣੀ ਊਰਜਾ ਪੰਜਾਬ ਦੇ ਵਿਕਾਸ ਲਈ ਵਰਤਦਾ ਹਾਂ ਜਦਕਿ ਪੰਜਾਬ ਦੇ ਕਾਂਗਰਸੀਆਂ ਕੋਲ ਸਾਨੂੰ ਸਬਕ ਦਿਖਾਉਣ ਦੇ ਦਾਅਵਿਆਂ ‘ਤੇ ਜ਼ੋਰ ਲਾਉਣ ਤੋਂ ਬਿਨ੍ਹਾਂ ਕੋਈ ਕੰਮ ਨਹੀਂ’। ਉਨ੍ਹਾਂ ਕਿਹਾ ਕਿ 11000 ਕਰੋੜ ਦੀ ਲਾਗਤ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਉਦਘਟਾਨ 25 ਨਵੰਬਰ ਨੂੰ ਕੀਤਾ ਜਾ ਰਿਹਾ ਹੈ ਅਤੇ 8 ਦਸੰਬਰ ਨੂੰ ਰਾਜਪੁਰਾ ਥਰਮਲ ਪਲਾਂਟ ਦੇ ਉਦਘਾਟਨ ਪਿੱਛੋਂ ਪੰਜਾਬ ਦੇਸ਼ ਦਾ ਪਹਿਲਾ ਵਾਧੂ ਬਿਜਲੀ ਵਾਲਾ ਸੂਬਾ ਐਲਾਨ ਕਰ ਦਿੱਤਾ ਜਾਵੇਗਾ। ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ 25 ਨਵੰਬਰ ਤੋਂ ਸਾਰੇ ਜਿਲਿਆਂ ਵਿਚ ਨੀਲੇ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਪਹਿਲੀ ਦਸੰਬਰ ਤੋਂ ਇਕ ਰੁਪੈ ਕਿਲੋ ਆਟਾ ਦੇਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਸੰਗਰੂਰ, ਬਰਨਾਲਾ ਤੇ ਹੋਰਨਾਂ ਮਾਲਵਾ ਜਿਲਿਆਂ ਵਿਚ ਨਹਿਰੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਅਗਲੇ ਬਜਟ ਵਿਚ ਰਜਬਾਹਿਆਂ, ਸੂਇਆਂ ਦੇ ਨਵੀਨੀਕਰਨ ਤੇ ਸਿੰਚਾਈ ਸਮਰੱਥਾ 25 ਫੀਸਦੀ ਤੱਕ ਵਧਾਉਣ ਲਈ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਰੈਲੀ ਨੂੰ ਸੰਬੋਧਨ ਕਰਨ ਪਿੱਛੋਂ ਪ੍ਰੈਸ ਕਾਨਫਰੰਸ ਦੌਰਾਨ ਬਾਜਵਾ ਵਿਰੁੱਧ ਸ਼ਾਮਲਾਟ ਜ਼ਮੀਨ ਦੱਬਣ ਦੇ ਮਾਮਲੇ ਸਬੰਧੀ ਇਕ ਸਵਾਲ ਦਾ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਇਸ ਸਬੰਧੀ ਜਾਂਚ ਮਾਲ ਵਿਭਾਗ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦਿੱਲੀ ਵਿਧਾਨ ਸਭਾ ਚੋਣਾਂ ਪੂਰੀ ਤਿਆਰੀ ਨਾਲ ਲੜ ਰਿਹਾ ਹੈ ਤੇ ਕੱਲ ਤੋਂ ਪਾਰਟੀ ਦੇ ਵਿਧਾਨਕਾਰ ਤੇ ਅਹੁਦੇਦਾਰ ਦਿੱਲੀ ਵਿਚ ਚੋਣ ਪ੍ਰਚਾਰ ਆਰੰਭ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਚਾਰੇ ਉਮੀਦਵਾਰ ਮਜ਼ਬੂਤ ਸਥਿਤੀ ਵਿਚ ਹਨ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਬਾਰੇ ਸ. ਬਾਦਲ ਨੇ ਕਿਹਾ ਕਿ ਉਸਦਾ ਹਸ਼ਰ ਵੀ ਮਨਪ੍ਰੀਤ ਸਿੰਘ ਬਾਦਲ ਦੀ ਪੀ.ਪੀ.ਪੀ. ਵਰਗਾ ਹੋਵੇਗਾ। ਸਰਨਾ ਭਰਾਵਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਕਾਂਗਰਸ ਨੂੰ ਸਮਰਥਨ ਦੇਣ ਦੇ ਐਲਾਨ ਬਾਰੇ ਸ. ਬਾਦਲ ਨੇ ਕਿਹਾ ਕਿ ਇਸ ਵਿਚ ਨਵਾਂ ਕੁਝ ਵੀ ਨਹੀਂ ਅਤੇ ਸਰਨਾ ਭਰਾ ਤਾਂ ਸ਼ੁਰੂ ਤੋਂ ਹੀ ਕਾਂਗਰਸ ਦੇ ਏਜੰਟ ਹਨ।
ਸ. ਬਾਦਲ ਨੇ ਅੱਜ ਖਨੌਰੀ, ਮੂਣਕ ਤੇ ਲਹਿਰਾਗਾਗਾ ਵਿਖੇ 100 ਫੀਸਦੀ ਸੀਵਰੇਜ ਸਹੂਲਤ ਪ੍ਰਦਾਨ ਕਰਨ ਲਈ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਇਨ੍ਹਾਂ ਤਿੰਨ੍ਹਾਂ ਸ਼ਹਿਰਾਂ ਵਿਖੇ (23.08+25.88+38.44) ਕੁਲ 87.04 ਕਿਲੋਮੀਟਰ ਲੰਮੀਆਂ ਸੀਵਰੇਜ ਲਾਇਨਾਂ ਵਿਛਾਉਣ ਅਤੇ ਕਰੀਬ 78 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ (3+3+4) ਕੁਲ 10 ਐਮ.ਐਲ.ਡੀ. ਸੀਵੇਜ਼ ਟਰੀਟਮੈਂਟ ਪਲਾਂਟਾਂ ਦਾ ਨੀਂਹ ਪੱਥਰ ਰੱਖੇ। ਇਸ ਤੋਂ ਇਲਾਵਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਪਿੰਡ ਛਾਜਲੀ ਵਿਖੇ 19 ਕਰੋੜ ਰੁਪਏ ਦੀ ਲਾਗਤ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਸੁਨਾਮ-ਲਹਿਰਾ-ਜਾਖਲ ਸੜ੍ਹਕ ਉਪਰ ਨਵੇਂ ਉਸਾਰੇ ਗਏ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦਾ ਉਦਘਾਟਨ ਵੀ ਕੀਤਾ। 800 ਮੀਟਰ ਲੰਬਾ ਇਹ ਪੁਲ ਧੂਰੀ-ਜਾਖਲ ਰੇਲਵੇ ਲਾਇਨ ਉਪਰ ਕਰਾਸਿੰਗ 84-ਸੀ ‘ਤੇ ਉਸਾਰਿਆ ਗਿਆ ਹੈ, ਜਿਸ ਕਾਰਨ ਇੱਥੇ ਬੇਰੋਕ ਆਵਾਜਾਈ ਬਹਾਲ ਹੋਣ ਨਾਲ ਲਹਿਰਾ-ਜਾਖਲ-ਸੁਨਾਮ-ਬੁਢਲਾਡਾ ਜਾਣ ਵਾਲੇ ਵਾਹਨਾਂ ਅਤੇ ਨੇੜਲੇ ਇਲਾਕਿਆਂ ਨੂੰ ਵੱਡੀ ਪੱਧਰ ‘ਤੇ ਲਾਭ ਪੁੱਜੇਗਾ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਦਾ ਤਜ਼ਰਬਾ ਤੇ ਸ. ਸੁਖਬੀਰ ਸਿੰਘ ਬਾਦਲ ਦੀ ਨਵੀਂ ਸੋਚ ਦੇ ਸੁਮੇਲ ਨਾਲ ਪੰਜਾਬ ਤੇਜ ਤਰੱਕੀ ਦੇ ਨਾਲ-ਨਾਲ ਸਮਾਜ ਭਲਾਈ ਦੇ ਖੇਤਰ ਵਿਚ ਲਾਮਿਸਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਦੱਸਣ ਕਿ ਉਨ੍ਹਾਂ ਪੰਜਾਬ ਦੇ ਵਿਕਾਸ ਲਈ ਕੀ ਕੀਤਾ ਹੈ?
ਪੰਜਾਬ ਦੇ ਖਜ਼ਾਨੇ ਬਾਰੇ ਰੌਲਾ ਪਾਉਣ ਵਾਲੇ ਪੰਜਾਬ ਦੇ ਕਾਂਗਰਸੀਆਂ ‘ਤੇ ਵਰਦਿਆਂ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਵਲੋਂ ਪੰਜਾਬ ਨੂੰ ਕੇਂਦਰੀ ਗਰਾਂਟਾਂ ਦੇਣ ਵਿਚ ਵੱਡੀ ਵਿਤਕਰੇ ਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਜਿੱਥੇ ਬਿਹਾਰ ਨੂੰ 70 ਫੀਸਦੀ , ਯੂ.ਪੀ. ਨੂੰ 50 ਫੀਸਦੀ ਤੇ ਉੰਤਰ ਪੂਰਬੀ ਰਾਜਾਂ ਨੂੰ ਕੇਂਦਰੀ ਗਰਾਂਟਾਂ ਵਿਚੋਂ 90 ਫੀਸਦੀ ਹਿੱਸਾ ਦਿੱਤਾ ਜਾ ਰਿਹਾ ਹੈ, ਉੱਥੇ ਪੰਜਾਬ ਨੂੰ ਸਿਰਫ 19 ਫੀਸਦੀ ਗਰਾਂਟ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਘੱਟੋ ਘੱਟ 50 ਫੀਸਦੀ ਗਰਾਂਟ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਹਲਕਾ ਲਹਿਰਾ ਦੇ ਇੰਚਾਰਜ ਸ. ਸੁਖਵੰਤ ਸਿੰਘ ਸਰਾਉ ਨੇ ਸ. ਬਾਦਲ ਅਤੇ ਸ. ਢੀਂਡਸਾ ਨੂੰ ਜੀ ਆਇਆਂ ਆਖਦਿਆਂ ਹਲਕੇ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਤੋਂ ਉੱਪ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਮੰਗ ਰੱਖੀ ਕਿ ਹਲਕਾ ਲਹਿਰਾ ਵਿਖੇ ਖੇਤੀਬਾੜੀ ਲਈ ਪਾਣੀ ਮਾੜਾ ਹੋਣ ਕਾਰਨ ਇੱਥੇ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਸ ਸਬੰਧੀ ਜਮੀਨਦੋਜ਼ ਪਾਇਪਾਂ ਪਾਉਣ ਸਮੇਤ ਹਲਕੇ ਦੇ ਸਕੂਲਾਂ ‘ਚ ਅਧਿਆਪਕਾਂ ਦੀ ਘਾਟ, ਡਾਕਟਰਾਂ ਦੀ ਕਮੀ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦੀ ਮੰਗ ਕੀਤੀ, ਇਸ ਤੋਂ ਬਿਨ੍ਹਾਂ ਲਹਿਰਾਗਾਗਾ ਵਿਖੇ ਪੱਕੀ ਮੰਡੀ ਬਣਾਈ ਜਾਵੇ। ਇਸ ਦੌਰਾਨ ਸ. ਸਰਾਉ ਅਤੇ ਹੋਰ ਆਗੂਆਂ ਨੇ ਲਹਿਰਾ ਹਲਕੇ ਵੱਲੋਂ ਉਪ ਮੁੱਖ ਮੰਤਰੀ ਸ. ਬਾਦਲ ਅਤੇ ਸ. ਢੀਂਡਸਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਣਸ, ਹਲਕਾ ਲਹਿਰਾ ਦੇ ਇੰਚਾਰਜ ਸ. ਸੁਖਵੰਤ ਸਿੰਘ ਸਰਾਉ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਸ. ਰਾਮਪਾਲ ਸਿੰਘ ਬਹਿਣੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਸ. ਹਰਦੇਵ ਸਿੰਘ ਰੋਗਲਾ, ਮੰਡੀ ਬੋਰਡ ਦੇ ਉਪ ਚੇਅਰਮੈਨ ਸ. ਰਵਿੰਦਰ ਸਿੰਘ ਚੀਮਾ, ਗਿਆਨੀ ਨਿਰੰਜਨ ਸਿੰਘ ਭੁਟਾਲ, ਸਾਬਕਾ ਏ.ਐਮ. ਸ. ਗੁਰਬਚਨ ਸਿੰਘ ਬਚੀ, ਸ. ਤੇਜਾ ਸਿੰਘ ਕਮਾਲਪੁਰ, ਐਡਵੋਕੇਟ ਵਰਿੰਦਰ ਸਿੰਘ, ਸਾਬਕਾ ਉਪ ਚੇਅਰਮੈਨ ਪੰਜਾਬ ਐਗਰੋ ਸ੍ਰੀ ਸੱਤਪਾਲ ਸਿੰਗਲਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ. ਗੁਰਦੀਪ ਸਿੰਘ ਮਕੋਰੜ, ਸ੍ਰੀ ਰਾਕੇਸ਼ ਗਿੱਲ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸ. ਚਮਕੌਰ ਸਿੰਘ ਬਾਦਲਗੜ੍ਹ ਚੇਅਰਮੈਨ ਬਲਾਕ ਸੰਮਤੀ ਅਨਦਾਨਾ, ਚੇਅਰਮੈਨ ਬਲਾਕ ਸੰਮਤੀ ਸ. ਰਣਧੀਰ ਸਿੰਘ ਸਮੂਰਾਂ, ਸ੍ਰੀ ਭੀਮ ਸੈਨ ਗਰਗ ਪ੍ਰਧਾਨ ਨਗਰ ਪੰਚਾਇਤ ਮੂਨਕ, ਸ. ਗੁਰਮੇਲ ਸਿੰਘ ਠਸਕਾ, ਪ੍ਰਧਾਨ ਐਨ.ਏ.ਸੀ. ਖਨੌਰੀ ਸ੍ਰੀ ਰਾਮ ਨਿਵਾਸ ਗਰਗ, ਸ. ਗੁਰਮੀਤ ਸਿੰਘ ਸ਼ਹਿਰੀ ਪ੍ਰਧਾਨ, ਬੀ.ਜੇ.ਪੀ. ਆਗੂ ਸ੍ਰੀ ਦਲੀਪ ਚੰਦ ਪੰਸਾਰੀ, ਸਾਬਕਾ ਪ੍ਰਧਾਨ ਸ. ਸਮਸ਼ੇਰ ਸਿੰਘ ਸ਼ੇਰਾ, ਮਾਲ ਸਿੰਘ ਗੇਹਲਾਂ, ਸ. ਮਹਿੰਦਰ ਸਿੰਘ ਬਨਾਰਸੀ ਚੇਅਰਮੈਨ ਹਾਊਸਫੈਡ, ਸ੍ਰੀ ਕ੍ਰਿਸ਼ਨ ਦੇਵ ਭੁਟਾਲ, ਸ. ਟਹਿਲ ਸਿੰਘ ਸਰਪੰਚ ਮੰਡਵੀ, ਕੌਂਸਲਰ ਸ੍ਰੀ ਵਿਨੋਦ ਸਿੰਗਲਾ, ਸ੍ਰੀ ਅਰੁਣ ਕੁਮਾਰ, ਸ੍ਰੀ ਸੁਨੀਲ ਗੋਇਲ, ਸ. ਚੰਦ ਸਿੰਘ ਚੱਠਾ, ਸ. ਬਲਜੀਤ ਸਿੰਘ, ਸ. ਸੁਰਿੰਦਰ ਬਾਹਮਣੀਵਾਲ, ਸ੍ਰੀ ਸੁਰੇਸ਼ ਡੋਰ, ਸ੍ਰੀ ਜੋਗੀ ਰਾਮ, ਸ੍ਰੀ ਕਰਮ ਸਿੰਘ ਗੁਰਨੇ ਪ੍ਰਧਾਨ ਟਰੱਕ ਯੂਨੀਅਨ, ਲਹਿਰਾਗਾਗਾ ਨਗਰ ਪੰਚਾਇਤ ਦੇ ਪ੍ਰਧਾਨ ਸ੍ਰੀ ਰਾਮ ਸਰੂਪ, ਐਡਵੋਕੇਟ ਸ੍ਰੀ ਵਰਿੰਦਰ ਗੋਇਲ, ਸ੍ਰੀਮਤੀ ਸੰਦੀਪ ਕੌਰ, ਸ਼ਹਿਰੀ ਪ੍ਰਧਾਨ ਦਵਿੰਦਰ ਨੀਟੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਦਨ ਸਿੰਘ, ਚੇਅਰਮੈਨ ਬਲਾਕ ਸੰਮਤੀ ਸ. ਗੁਰਦੀਪ ਕੋਟੜਾ, ਸ੍ਰੀ ਪ੍ਰੀਤ ਮਹਿੰਦਰ ਭਾਈ ਕੀ ਪਿਸ਼ੌਰ, ਸ੍ਰੀ ਗੋਲਡੀ ਚੀਮਾ ਮੂਣਕ, ਸ. ਜਸਪ੍ਰੀਤ ਸਿੰਘ ਸਰਾਉ, ਜੈ ਭਗਵਾਨ ਸਿੰਗਲਾ, ਸ੍ਰੀ ਗਿਆਨ ਚੰਦ, ਡਿਪਟੀ ਕਮਿਸ਼ਨਰ ਡਾ. ਇੰਦੂ ਮਲਹੋਤਰਾ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜ) ਸ. ਪ੍ਰੀਤਮ ਸਿੰਘ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਜਤਿੰਦਰ ਸਿੰਘ ਤੁੰਗ, ਐਸ.ਪੀ. ਸ. ਸ਼ਰਨਜੀਤ ਸਿੰਘ, ਪੀ.ਏ. ਸ. ਢੀਂਡਸਾ ਸ. ਜਸਵਿੰਦਰ ਸਿੰਘ, ਸ. ਗੁਰਮੀਤ ਸਿੰਘ ਜੌਹਲ, ਐਸ.ਈ. ਸੀਵਰੇਜ ਬੋਰਡ ਸ੍ਰੀ ਆਰ.ਕੇ. ਗੋਇਲ, ਐਕਸੀਐਨ ਸ੍ਰੀ ਐਸ.ਕੇ. ਗੋਇਲ, ਸੀਵੇਜ ਪਲਾਂਟ ਨੂੰ ਤਿਆਰ ਕਰਨ ਵਾਲੀ ਕੰਪਨੀ ਸ਼ਪੂਰਜੀ ਪਲੋਨਜੀ ਦੇ ਅਧਿਕਾਰੀ ਸ੍ਰੀ ਜਾਵੇਦ ਬਲੋਚ, ਲੋਕ ਨਿਰਮਾਣ ਵਿਭਾਗ ਦੇ ਐਸ.ਈ. ਸ. ਅਮਰਦੀਪ ਸਿੰਘ ਬਰਾੜ, ਐਕਸੀਐਨ ਸ੍ਰੀ ਸਤੀਸ਼ ਗੋਇਲ, ਵੱਡੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ, ਇਲਾਕੇ ਦੇ ਪੰਚ-ਸਰਪੰਚ, ਮੈਂਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪਿੰਡਾਂ ਦੇ ਵਸਨੀਕ ਤੇ ਹੋਰ ਪਤਵੰਤੇ ਵੱਡੀ ਗਿਣਤੀ ‘ਚ ਮੌਜੂਦ ਸਨ।