2 ਅਕਤੂਬਰ ਨੂੰ ਵਾਹਗਾ ਬਾਰਡਰ ’ਤੇ ਯਾਤਰਾ ਦਾ ਹੋਵੇਗਾ ਸਮਾਪਨ
ਫਿਰੋਜ਼ਪੁਰ, 28 ਸਤੰਬਰ (ਸਤਬੀਰ ਬਰਾੜ, ਮਨੋਹਰ ਲਾਲ)- ਜ਼ਿਲ੍ਹਾ ਪ੍ਰਸ਼ਾਸਨ ਤੇ ਸੀਮਾ ਸੁਰੱਖਿਆ ਬਲ ਦੇ ਸਹਿਯੋਗ ਨਾਲ ਜੁਆਇੰਟ ਚੈਕ ਪੋਸਟ ਹੁਸੈਨੀਵਾਲਾ ਵਿਖੇ ਜ਼ਿਲ੍ਹੇ ਅੰਦਰ ਅੰਦਰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਨੂੰ ਮੁੱਖ ਰੱਖ ਕੇ ਉਤਰਾਈ ਬਾੜਮੇਰ ਤੋਂ ਚੱਲ ਕੇ ਰਾਜਸਥਾਨ ਤੋਂ ਪਹੁੰਚੀ ਕੈਮਲ ਸਫਾਰੀ ਯਾਤਰਾ ਜਿਸ ਵਿਚ ਭਾਰਤੀ ਵਾਯੂ ਸੈਨਾ ਅਤੇ ਬੀਐਸਐਫ ਦੀਆਂ ਮਹਿਲਾਵਾਂ ਸ਼ਾਮਲ ਹਨ ਦੇ ਸਵਾਗਤ ਨੂੰ ਲੈ ਕੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਖੇ ਡੀਆਈਜੀ ਬੀਐਸਐਫ ਬੀਸੀ ਰਾਜਪੁਰੋਹਿਤ ਨੇ ਵਿਸ਼ੇਸ਼ ਤੌਰ ’ਤੇ ਰਾਣਾ ਗੁਰਮੀਤ ਸਿੰਘ ਸੋਢੀ ਵਿਧਾਇਕ ਹਲਕਾ ਗੁਰੂਹਰਸਹਾਏ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਡੀਆਈਜੀ ਬੀਐਸਐਫ ਬੀਸੀ ਰਾਜਪੁਰੋਹਿਤ ਨੇ ਦੱਸਿਆ ਕਿ ਇਸ ਯਾਤਰਾ ਵਿੱਚ ਵਾਯੂ ਸੈਨਾ ਅਤੇ ਭਾਰਤੀ ਸੀਮਾ ਸੁਰੱਖਿਆ ਬਲ ਦੀਆਂ 20 ਜਾਬਾਂਜ ਬਹਾਦਰ ਮਹਿਲਾਵਾਂ ਨੇ ਉਠਾਂ ’ਤੇ ਸਵਾਰ ਹੋ ਕੇ ਗੁਜਰਾਤ ਤੇ ਰਾਜਸਥਾਨ ਦੇ ਸਰਹੱਦੀ ਖੇਤਰਾਂ ਤੋਂ ਹੁੰਦੇ ਹੋਏ ਰਾਜਸਥਾਨ ਦੇ ਹਿੰਦੁਮਲ ਕੋਟ ਚੌਂਕੀ ਤੋਂ ਪੰਜਾਬ ਵਿੱਚ ਪ੍ਰਵੇਸ਼ ਕੀਤਾ।
ਉਨ੍ਹਾਂ ਦੱਸਿਆ ਕਿ ਗੁਜਰਾਤ, ਰਾਜਸਥਾਨ ਅਤੇ ਪੰਜਾਬ ਵਿਚ ਲਗਭਗ 1397 ਕਿੱਲੋਮੀਟਰ ਦਾ ਸਫਰ ਤੈਅ ਕਰਕੇ ਕੈਮਲ ਸਫਾਰੀ 2 ਅਕਤੂਬਰ ਨੂੰ ਬਾਘਾ ਬਾਰਡਰ ਪਹੁੰਚ ਕੇ ਆਪਣੀ ਯਾਤਰਾ ਦਾ ਸਮਾਪਨ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੀ ਅਗਵਾਈ ਸਹਾਇਕ ਕਮਾਡੈਂਟ ਤੇ ਭਾਰਤੀ ਵਾਯੂ ਸੈਨਾ ਦੀ ਸਕਵਾਰਡਨ ਲੀਡਰ ਅਨੁਸ਼ਕਾ ਲੋਮਸ ਤੇ ਸੀਮਾ ਸੁਰੱਖਿਆ ਬਲ ਦੀ ਮਹਿਲਾ ਅਧਿਕਾਰੀ ਤਨੁਸ਼੍ਰੀ ਪਾਰਿਕ ਨੇ ਕੀਤੀ। ਇਸ ਯਾਤਰਾ ਦੀ ਅਗਵਾਈ ਕਰ ਰਹੀਆਂ ਜਾਬਾਂਜ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਯਾਤਰਾ ਕਰਨ ਦਾ ਮੁੱਖ ਮਕਸਦ ਭਾਰਤੀ ਸਮਾਜ ਅੰਦਰ ਲੜਕੀਆਂ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਤੇ ਉਨ੍ਹਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ। ਸਮਾਗਮ ਦੌਰਾਨ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਯੂਥ ਕਲੱਬਾਂ ਵੱਲੋਂ ਰੰਗਾਂ ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।
ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਜਵਾਨਾ ਵੱਲੋਂ ਦੇਸ਼-ਭਗਤੀ ਦੇ ਗੀਤ ਵੀ ਗਾਏ ਗਏ। ਇਸ ਉਪਰੰਤ ਰਾਣਾ ਗੁਰਮੀਤ ਸਿੰਘ ਸੋਢੀ ਤੇ ਡੀਆਈਜੀ ਬੀਐਸਐਫ ਫ਼ਿਰੋਜ਼ਪੁਰ ਬੀਐਸ ਰਾਜਪੁਰੋਹਿਤ ਵੱਲੋਂ ਕੈਮਲ ਸਫਾਰੀ ਯਾਤਰਾ ਦੀਆਂ ਜਾਬਾਂਜ ਮਹਿਲਾਵਾਂ ਤੇ ਸਮਾਗਮ ਵਿੱਚ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਮਐਸ ਸ਼ਰਮਾ ਡੀਆਈਜੀ ਬੀਐਸਐਫ ਅਬੋਹਰ, ਐਸਕੇ ਅਗਰਵਾਲ ਜ਼ਿਲ੍ਹਾ ਸੈਸ਼ਨ ਜੱਜ, ਬ੍ਰਿਗੇਡੀਅਰ ਨਰਿੰਦਰ ਸਿੰਘ, ਸੰਦੀਪ ਚਾਨਣ ਕਮਾਡੈਂਟ ਬੀਐਸਐਫ, ਦੇਸ ਰਾਜ ਕਮਾਡੈਂਟ, ਸਰਬਜੀਤ ਸਿੰਘ ਬੇਦੀ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ, ਪ੍ਰਗਟ ਬਰਾੜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਮੇਤ ਵੱਖ ਵੱਖ ਵਿਭਾਗਾਂ ਅਤੇ ਸਿੱਖਿਆ ਸੰਸਥਾਵਾਂ ਦੇ ਅਧਿਕਾਰੀ ਹਾਜ਼ਰ ਸਨ।



