ਮੰਡੀ ਬਰੀਵਾਲਾ, 26 ਸਤੰਬਰ (ਸੁਰਿੰਦਰ ਚੱਠਾ)- ਮਾਰਕਿਟ ਕਮੇਟੀ ਮੰਡੀ ਬਰੀਵਾਲਾ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ ਦੀ ਡਿਊਟੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਲਗਾਈ ਗਈ ਹੈ। ਯਾਦ ਰਹੇ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਵਿਨੋਦ ਖੰਨਾ ਜੀ ਦੀ ਅਚਾਨਕ ਮੌਤ ਹੋ ਜਾਣ ਕਰਕੇ ਉੱਥੇ ਜ਼ਿਮਨੀ ਚੋਣ ਹੋ ਰਹੀ ਹੈ। ਅਕਾਲੀ ਭਾਜਪਾ ਵੱਲੋਂ ਚੋਣ ਲੜ ਰਹੇ ਸਵਰਨ ਸਲਾਰੀਆ ਦੀ ਮੱਦਦ ਕਰਨ ਲਈ ਪੰਜਾਬ ਦੇ ਬਾਕੀ ਹਲਕਿਆਂ ਵਿੱਚ ਅਕਾਲੀ ਭਾਜਪਾ ਆਗੂ ਗੁਰਦਾਸਪੁਰ ਵਿਖੇ ਪੁੱਜੇ ਹੋਏ ਹਨ। ਇਸ ਕਰਕੇ ਮਨਜਿੰਦਰ ਸਿੰਘ ਬਿੱਟੂ ਦੀ ਡਿਊਟੀ ਵੀ ਹਲਕਾ ਗੁਰਦਾਸਪੁਰ ਦੇ ਪਿੰਡਾਂ ਵਿੱਚ ਪਾਰਟੀ ਪ੍ਰਚਾਰ ਲਈ ਲਗਾਈ ਗਈ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਰਵਾਨਾ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਪਾਰਟੀ ਨੇ ਵੱਖ ਵੱਖ ਆਗੂਆਂ ਦੀ ਡਿਊਟੀ ਵੱਖ ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਲਾਈ ਹੈ। ਜਿੱਥੇ ਉਹ ਕਾਂਗਰਸ ਦੇ ਪਿਛਲੇ ਛੇ ਮਹੀਨਿਆਂ ਦੇ ਸ਼ਾਸ਼ਨ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਬਾਰੇ ਸਥਾਨਕ ਲੋਕਾਂ ਨੂੰ ਜਾਣਕਾਰੀ ਦੇਣਗੇ। ੳਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨੇ ਇੱਕ ਮੀਟਿੰਗ ਕਰਕੇ ਸਾਰੇ ਆਗੂਆਂ ਨੂੰ ਪ੍ਰਚਾਰ ਦੌਰਾਨ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਜਵਾਬ ਦੇਣ ਲਈ ਅਕਾਲੀ ਭਾਜਪਾ ਆਗੂ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ। ਉਨ੍ਹਾਂ ਪੂਰੇ ਯਕੀਨ ਨਾਲ ਕਿਹਾ ਕਿ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਰਿਕਾਰਡ ਤੋੜ ਵੋਟਾਂ ਲੈ ਕੇ ਜੇਤੂ ਹੋਣਗੇ। ਕਿਉਂਕਿ ਪੰਜਾਬੀਆਂ ਦੀਆਂ ਅੱਖਾਂ ਤੇ ਕਾਂਗਰਸੀਆਂ ਅਤੇ ‘ਆਪ’ ਵੱਲੋਂ ਬੰਨੀ ਝੂਠ ਦੀ ਪੱਟੀ ਉਤਰ ਚੁੱਕੀ ਹੈ। ਉਨ੍ਹਾਂ ਗੁਰਦਾਸਪੁਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਵਰਨ ਸਲਾਰੀਆ ਦੇ ਹੱਕ ਵਿੱਚ ਆਪਣੀਆਂ ਵੋਟਾਂ ਭੁਗਤਾਉਣ ਤਾਂ ਕਿ ਉਹ ਜਿੱਤ ਕੇ ਕੇਂਦਰ ਵਿੱਚ ਗੁਰਦਾਸਪੁਰ ਹਲਕੇ ਦੇ ਕੰਮ ਕਰਵਾ ਸਕਣ।
ਹਲਕਾ ਗੁਰਦਾਸਪੁਰ ’ਚ ਸਲਾਰੀਆ ਵੱਡੇ ਬਹੁਮਤ ਨਾਲ ਜਿੱਤ ਹਾਸਿਲ ਕਰਨਗੇ : ਚੇਅਰਮੈਨ ਮਨਜਿੰਦਰ ਬਿੱਟੂ



