ਤਲਵੰਡੀ ਸਾਬੋ, 26 ਸਤੰਬਰ (ਰਾਮ ਰੇਸ਼ਮ ਨਥੇਹਾ)- ਹਲਕਾ ਜੋਗਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੌਜਵਾਨ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ ਜੋ ਬੀਤੇ ਦਿਨੀ ਇੱਕ ਮਹੀਨੇ ਲਈ ਕੈਨੇਡਾ ਪੁੱਜੇ ਹਨ ਵੱਲੋਂ ਜਿੱਥੇ ਕੈਨੇਡਾ ਵਿਚਲੇ ਗੁਰਦੁਆਰਾ ਸਾਹਿਬਾਨ ਵਿੱਚ ਨਤਮਸਤਕ ਹੋ ਕੇ ਕੌਮ ਦੀ ਚੜ੍ਹਦੀਕਲਾ ਲਈ ਸਿੱਖ ਸੰਗਤਾਂ ਨੂੰ ਇੱਕਜੁਟ ਹੋਣ ਲਈ ਪ੍ਰੇਰਿਆ ਜਾ ਰਿਹਾ ਹੈ ਉਥੇ ਉਨਾਂ ਵੱਲੋਂ ਉਥੋਂ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਅਤੇ ਭਵਿੱਖੀ ਕਾਰਜਾਂ ਤੋਂ ਵੀ ਜਾਣੂੰ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨੀ ਕੈਨੇਡਾ ਪੁੱਜੇ ਭਾਈ ਗੁਰਪ੍ਰੀਤ ਸਿੰਘ ਝੱਬਰ ਦਾ ਉਥੋਂ ਦੀਆਂ ਸਿੱਖ ਸੰਗਤਾਂ ਨੇ ਹਵਾਈ ਅੱਡੇ ਤੇ ਸ਼ਾਨਦਾਰ ਸਵਾਗਤ ਕੀਤਾ।ਅੱਜ ਉਕਤ ਪੱਤਰਕਾਰ ਨਾਲ ਫੋਨ ਤੇ ਗੱਲ ਕਰਦਿਆਂ ਭਾਈ ਝੱਬਰ ਨੇ ਦੱਸਿਆ ਕਿ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਦੀ ਸਿੱਖ ਨੌਜਵਾਨ ਪੀੜੀ ਆਪਣੇ ਧਾਰਮਿਕ ਵਿਰਸੇ ਤੋਂ ਸੇਧ ਲੈ ਕੇ ਸਿੱਖੀ ਸਰੂਪ ਸੰਭਾਲ ਕੇ ਚੱਲ ਰਹੀ ਹੈ।ਉਨਾਂ ਕਿਹਾ ਕਿ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਦੌਰਾਨ ਜਿੱਥੇ ਉਨਾਂ ਵੱਲੋਂ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਸਭਾ ਸੁਸਾਇਟੀਆਂ ਨਾਲ ਪੰਥਕ ਵਿਚਾਰਾਂ ਕੀਤੀਆਂ ਗਈਆਂ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਣ ਦੇ ਨਾਲ ਨਾਲ ਸਮੁੱਚੇ ਵਿਸ਼ਵ ਵਿੱਚ ਵਸਦੇ ਸਿੱਖਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਉਲੀਕੀਆਂ ਭਵਿੱਖੀ ਯੋਜਨਾਵਾਂ ਬਾਰੇ ਵੀ ਦੱਸਿਆ ਗਿਆ।ਉਨਾਂ ਨੇ ਦੌਰੇ ਦੌਰਾਨ ਸੰਗਤਾਂ ਨੂੰ ਦੱਸਿਆ ਕਿ ਉਨਾਂ ਦੇ ਆਪਣੇ ਹਲਕੇ ਵਿੱਚ ਪੂਰੇ ਜੋਰ ਸ਼ੋਰ ਨਾਲ ਸਿੱਖੀ ਪ੍ਰਚਾਰ ਨਿਰੰਤਰ ਜਾਰੀ ਹੈ ਤੇ ਗੁਰੂਘਰਾਂ ਵਿੱਚ ਵਿਸ਼ੇਸ ਕਥਾ ਕੀਰਤਨ ਦੇ ਪ੍ਰਵਾਹ ਚਲਾਏ ਜਾ ਰਹੇ ਹਨ।ਭਾਈ ਝੱਬਰ ਨੇ ਜਦੋਂ ਸੰਗਤਾਂ ਨੂੰ ਦੱਸਿਆ ਕਿ ਹਲਕੇ ਅੰਦਰ ਚਲਾਏ ਜਾ ਰਹੇ ਧਾਰਮਿਕ ਕਾਰਜਾਂ ਦਾ ਸਮੇਂ ਸਮੇਂ ਤੇ ਵੇਰਵਾ ਉਨਾਂ ਵੱਲੋਂ ਬਣਾਈ ਸ਼੍ਰੋਮਣੀ ਕਮੇਟੀ ਹਲਕਾ ਜੋਗਾ ਦੀ ਵੈਬਸਾਈਟ ਤੇ ਪਾਇਆ ਜਾਂਦਾ ਹੈ ਤਾਂ ਸੰਗਤਾਂ ਨੇ ਹੈਰਾਨਗੀ ਦੇ ਨਾਲ ਨਾਲ ਖੁਸ਼ੀ ਵੀ ਪ੍ਰਗਟ ਕੀਤੀ ਤੇ ਖੁਸ਼ੀ ਪ੍ਰਗਟਾਈ ਕਿ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਉਨਾਂ ਵੱਲੋਂ ਭਵਿੱਖ ਵਿੱਚ ਇਸੇ ਤਰ੍ਹਾਂ ਪੰਥਕ ਕਾਰਜ ਕੀਤੇ ਜਾਣ ਦੀ ਅਰਦਾਸ ਕੀਤੀ।
ਸ਼੍ਰੋਮਣੀ ਕਮੇਟੀ ਦੇ ਭਵਿੱਖੀ ਕਾਰਜਾਂ ਬਾਰੇ ਸਿੱਖ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਭਾਈ ਝੱਬਰ ਕੈਨੇਡਾ ਦੌਰੇ ’ਤੇ



