ਗਰੀਬਾਂ ਲਈ ਸੁਭਾਗ ਯੋਜਨਾ ਦਾ ਐਲਾਨ, 31 ਮਾਰਚ 2019 ਤੱਕ ਹਰ ਘਰ ਪਹੁੰਚੇਗੀ ਬਿਜਲੀ
ਨਵੀਂ ਦਿਲੀ, 25 ਸਤੰਬਰ- ਭਾਜਪਾ ਕਾਰਜਕਾਰਨੀ ਦੀ ਦੂਜੇ ਦਿਨੀ ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਭ੍ਰਿਸ਼ਟਾਚਾਰੀਆਂ ਨੂੰ ਕਰੜੇ ਹੱਥੀਂ ਲਿਆ।ਉਨ੍ਹਾਂ ਪਾਰਟੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜਨੀਤੀ ਸੁਖ ਲਈ ਨਹੀਂ ਸੇਵਾ ਲਈ ਹੈ।ਡੋਕਲਾਮ ਵਿਵਾਦ ਉਤੇ ਪਹਿਲੀ ਵਾਰ ਆਪਣੀ ਗਲ ਰਖਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਸੀਂ ਇਹ ਵਿਵਾਦ ਬੇਹਦ ਸ਼ਾਂਤੀਪੂਰਨ ਤਰੀਕੇ ਨਾਲ ਨਿਪਟਾਇਆ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦਾ ਕੋਈ ਵੀ ਦੋਸ਼ੀ ਉਨ੍ਹਾਂ ਦੀ ਸਰਕਾਰ ਵੱਲੋਂ ਬਖਸ਼ਿਆ ਨਹੀਂ ਜਾਵੇਗਾ। ਬੀਜੇਪੀ ਦੀ ਰਾਸ਼ਟਰੀ ਕਾਰਿਆਕਾਰਿਣੀ ਦੀ ਬੈਠਕ ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਸੰਬੋਧਨ ਕੀਤਾ। ਦਿੱਲੀ ਵਿੱਚ ਦੋ ਦਿਨਾਂ ਤੋਂ ਚੱਲ ਰਹੀ ਇਹ ਬੈਠਕ ਅੱਜ ਆਖਰੀ ਦਿਨ ਸ੍ਰੀ ਮੋਦੀ ਵੱਲੋਂ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਕਾਰਵਾਈ ਦੀ ਗੰਭੀਰਤਾ ਨੂੰ ਦਰਸਾਉਂਦੇ ਹੋਏ ਸੰਪੰਨ ਕੀਤੀ ਗਈ। ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਟਲੀ ਨੇ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਮੋਦੀ ਜੀ ਮੁਤਾਬਿਕ ਜਦੋਂ ਤੱਕ ਪਾਰਟੀ ਤੋਂ ਉਤੇ ਉਠ ਕੇ ਦੇਸ਼ ਦੀ ਜਨਤਾ ਲਈ ਅਰੰਭੇ ਗਏ ਕਿਸੇ ਮੋਰਚੇ ਬਾਰੇ ਨਹੀਂ ਸੋਚਿਆ ਜਾਂਦਾ ਉਦੋਂ ਤੱਕ ਉਹ ਮੋਰਚਾ ਜਿੱਤਿਆ ਨਹੀਂ ਜਾਸਕਦਾ। ਉਨ੍ਹਾਂ ਸਵੱਛਤਾ ਅਭਿਆਨ ਦਾ ਸਾਰਾ ਸਿਹਰਾ ਸ੍ਰੀ ਮੋਦੀ ਜੀ ਨੂੰ ਦਿੱਤਾ ਅਤੇ ਕਿਹਾ ਕਿ ਲੋਕ ਵਧ ਚੜ੍ਹ ਕੇ ਇਸ ਦਾ ਹਿੱਸਾ ਬਣਨ ਤਾਂ ਜੋ ਭਾਰਤ ਨੂੰ ਸਫਾਈ ਪੱਖੋਂ ਅੱਵਲ ਮੁਲਖਾਂ ਵਿੱਚ ਲਿਆਂਦਾ ਜਾਵੇ। ਸਾਲ 2022 ਦਾ ਟੀਚਾ ਦਰਸਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਭਾਰਤ ਦੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਸਰਕਾਰ ਲਾਮਬੰਦ ਹੈ। ਪਾਰਟੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ‘ਨਿਊ ਇੰਡੀਆ’ ਦੇ ਆਧਾਰ ’ਤੇ ਭਾਜਪਾ ਦੀ ਜਿੱਤ ਦਾ ਪਰਚਮ ਲਹਿਰਾਉਂਦੇ ਹੋਏ ਪਾਰਟੀ ਦੇ ਇੱਕ-ਇੱਕ ਵਰਕਰ ਨੂੰ ਦੇਸ਼ ’ਚੋਂ ਗੰਦਗੀ, ਗਰੀਬੀ , ਭ੍ਰਿਸ਼ਟਾਚਾਰ, ਅੱਤਵਾਦ, ਜਾਤੀਵਾਦ ਦੀ ਰਾਜਨੀਤੀ ਨੂੰ ਖ਼ਤਮ ਕਰਨ ’ਚ ਹਿੱਸੇਦਾਰ ਦੱਸਆਿ। ਉਨ੍ਹਾਂ ਕਿਹਾ ਕਿ ਅਗਲੇ 5 ਸਾਲਾਂ ਦੀ ਰਣਨੀਤੀ ਤਹਿ ਕੀਤੀ ਜਾ ਚੁੱਕੀ ਹੈ।
ਸ੍ਰੀ ਨਰਿੰਦਰ ਮੋਦੀ ਵੱਲੋਂ ਦੀਨ ਦਿਆਲ ਊਰਜਾ ਭਵਨ ਵਿਖੇ ਸੁਭਾਗ ਯੋਜਨਾ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਗਰੀਬਾਂ ਨੂੰ ਮੁਫਤ ਬਿਜਲੀ ਕੁਨੈਕਸ਼ਨ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ 31 ਮਾਰਚ 2019 ਤੱਕ ਭਾਰਤ ਦੇ ਹਰ ਇੱਕ ਘਰ ਵਿੱਚ ਬਿਜਲੀ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਇਸ ਯੋਜਨਾ ਤਹਿਤ ਕੇਵਲ 500 ਰੁਪਏ ਵਿੱਚ ਬਿਜਲੀ ਕੁਨੈਕਸ਼ਨ ਦਿੱਤੇ ਜਾਣਗੇ ਜੋ 10 ਕਿਸ਼ਤਾਂ ਵਿੱਚ ਵਸੂਲ ਹੋਣਗੇ।
ਹਰ ਇੱਕ ਘਰ ਵਿੱਚ ਇੱਕ ਐਲਈਡੀ ਬਲਬ ਅਤੇ ਮੋਬਾਈਲ ਚਾਰਜ ਦਾ ਕੁਨੈਕਸ਼ਨ ਦਿੱਤਾ ਜਾਵੇਗਾ। ਭਾਰਤ ਦੇ ਸਾਰੇ ਪਿੰਡਾਂ ਵਿੱਚ ਕੈਂਪ ਲਗਾ ਕੇ ਇਨ੍ਹਾਂ ਬਿਜਲੀ ਕੁਨੈਕਸ਼ਨਾਂ ਦੀ ਵੰਡ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਸਮਾਰਟ ਤੇ ਪ੍ਰੀਪੇਡ ਮੀਟਰ ਲਾਏ ਜਾਣਗੇ। ਇਸ ਸਕੀਮ ਤਹਿਤ 50 ਰੁਪਏ ਦੀ ਬਿਜਲੀ ਵੀ ਮੋਬਾਈਲ ਰੀਚਾਰਜ ਵਾਂਗ ਚਾਰਜ ਕੀਤੀ ਜਾ ਸਕੇਗੀ।



