ਬਰਨਾਲਾ, 24 ਸਤੰਬਰ (ਬਲਜਿੰਦਰ ਸਿੰਘ ਚੌਹਾਨ)-ਕਰਮ ਸਿੰਘ ਮੈਮੋਰੀਅਲ ਲਾਇਬ੍ਰੇਰੀ ਹੰਡਿਆਇਆ ਵਿਖੇ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਵਾਹਰ ਨਵੋਦਿਆ ਵਿਦਿਆਲਿਆ ਦੇ ਛੇਵੀਂ ਜਮਾਤ ਦੇ ਦਾਖ਼ਲਾ ਟੈੱਸਟ ਦੀ ਤਿਆਰੀ ਲਈ ਕੋਚਿੰਗ ਸੈਂਟਰ ਸ਼ੁਰੂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਫਾਊਂਡੇਸ਼ਨ ਦੇ ਪ੍ਰਤਿਨਿਧ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁੱਤੀਵਾਲ ਕਲਾਂ (ਬਠਿੰਡਾ) ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਹੁਸ਼ਿਆਰ, ਮਿਹਨਤੀ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮਿਆਰੀ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਉਪਰਾਲੇ ਕਰਦੀ ਹੈ। ਜਿੰਨਾਂ ਵਿਚੋਂ ਇੱਕ ਯਤਨ ਵਿਦਿਆਰਥੀਆਂ ਨੂੰ ਨਵੋਦਿਆ ਸਕੂਲਾਂ ਦੀਆਂ ਵੱਖ-ਵੱਖ ਜਮਾਤਾਂ ਵਿਚ ਦਾਖ਼ਲਾ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਵੀ ਹੈ। ਹੁਣ ਤੱਕ ਛੇਵੀਂ ਜਮਾਤ ਦੇ ਟੈੱਸਟ ਦੀ ਤਿਆਰੀ ਲਈ ਬਠਿੰਡਾ ਜ਼ਿਲ੍ਹੇ ਵਿਚ ਅੱਠ ਸੈਂਟਰਾਂ ਦੇ ਸ਼ਾਨਦਾਰ ਨਤੀਜਿਆਂ ਤੋਂ ਬਾਅਦ ਉਹ ਬਰਨਾਲਾ ਜ਼ਿਲ੍ਹੇ ਵਿਚ ਇਹ ਪਹਿਲਾ ਸੈਂਟਰ ਸ਼ੁਰੂ ਕੀਤਾ ਗਿਆ ਹੈ। ਜਿੱਥੋਂ ਆਉਣ ਵਾਲੇ ਸਮੇਂ ਵਿਚ ਸ਼ਾਨਦਾਰ ਪ੍ਰਾਪਤੀਆਂ ਦੀਆਂ ਉਮੀਦਾਂ ਪੂਰੀਆਂ ਹੋਣਗੀਆਂ। ਲਾਇਬ੍ਰੇਰੀ ਦੇ ਪ੍ਰਬੰਧਕ ਅਤੇ ਪ੍ਰੀਖਿਆ ਤਿਆਰੀ ਦੇ ਆਯੋਜਕ ਸੁਖਵੀਰ ਸਿੰਘ ਜੋਗਾ ਨੇ ਦੱਸਿਆ ਕਿ ਮੈਰੀਟੋਰੀਅਸ ਪ੍ਰਵੇਸ਼ ਪ੍ਰੀਖਿਆ ਵਿਚ ਵੀਹ ਵਿਦਿਆਰਥੀਆਂ ਦੀ ਸਫ਼ਲਤਾ ਤੋਂ ਬਾਅਦ ਉਹ ਆਪਣੀ ਟੀਮ ਮਾਸਟਰ ਸੁਰੇਸ਼ ਹੰਡਿਆਲਵੀ, ਵੀਰਪਾਲ ਕੌਰ ਅਤੇ ਮਨਪ੍ਰੀਤ ਕੌਰ ਅਧਿਆਪਕਾਂ ਨਾਲ ਰਲ ਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਨਵੋਦਿਆ ਸਕੂਲ ਦਾ ਦਾਖ਼ਲਾ ਟੈੱਸਟ ਪਾਸ ਕਰਨ ਯੋਗ ਬਣਾਉਣ ਲਈ ਸਿਰਤੋੜ ਯਤਨ ਕਰਨਗੇ। ਕਰਮ ਸਿੰਘ ਮੈਮੋਰੀਅਲ ਲਾਇਬ੍ਰੇਰੀ ਅਤੇ ਐਜ਼ੂਕੇਸ਼ਨਲ ਟਰਸਟ ਹੰਡਿਆਇਆ ਦੇ ਸਕੱਤਰ ਮਾਸਟਰ ਬਲਵੀਰ ਸਿੰਘ ਨੇ ਕਿਹਾ ਕਿ ਲਾਇਬ੍ਰੇਰੀ ਦੇ ਸੰਸਥਾਪਕ ਦਾਤੁਕ ਮਹਿਮਾ ਸਿੰਘ ਮਲੇਸ਼ੀਆ ਦੀਆਂ ਇੱਛਾਵਾਂ ਮੁਤਾਬਕ ਟਰਸਟ ਦੇ ਆਹੁਦੇਦਾਰ ਚੇਅਰਮੈਨ ਦਲਜੀਤ ਸਿੰਘ ਢਿੱਲੋਂ ਅਤੇ ਵਾਈਸ ਪ੍ਰਧਾਨ ਡਾ. ਗੁਰਦਿਆਲ ਸਿੰਘ ਆਦਿ ਦੁਨੀਆਂ ਦਾ ਸਭ ਤੋਂ ਵੱਡਾ ਦਾਨ ਵਿੱਦਿਆ ਦਾ ਦਾਨ ਹਰ ਨੌਜਵਾਨ ਤੱਕ ਪਹੁੰਚਾਉਣ ਲਈ ਭਰਪੂਰ ਉਪਰਾਲੇ ਕਰਨ ਲਈ ਬਚਨਵੱਧ ਹਨ। ਪ੍ਰਬੰਧ ਦੀ ਜ਼ਿੰਮੇਵਾਰੀ ਲਾਇਬ੍ਰੇਰੀ ਪਾਠਕ ਕਲੱਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੇ ਪ੍ਰਧਾਨ ਸੁਖਪ੍ਰੀਤ ਸਿੰਘ ਅਤੇ ਚੰਦਨਦੀਪ ਸਿੰਘ, ਧਰਮ ਸਿੰਘ ਆਦਿ ਨੇ ਨਿਭਾਈ।
ਕਰਮ ਸਿੰਘ ਲਾਇਬ੍ਰੇਰੀ ਹੰਡਿਆਇਆ ਵਿਖੇ ਨਵੋਦਿਆ ਟੈਸਟ ਦੀ ਤਿਆਰੀ ਲਈ ਸੈਂਟਰ ਸ਼ੁਰੂ



