ਮਾਲੇ 17 ਨਵੰਬਰ (ਪੀ.ਟੀ.)-ਅਬਦੁਲਾ ਯਾਮੀਨ ਨੇ ਅੱਜ ਮਾਲਦੀਵ ਦੇ 6ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਸਹੁੰ ਚੁੱਕਣ ਨਾਲ ਤਕਰੀਬਨ ਦੋ ਸਾਲ ਤੋਂ ਦੇਸ਼ ‘ਚ ਚਲੀ ਆ ਰਹੀ ਰਾਜਸੀ ਅਸਥਿਰਤਾ ਖ਼ਤਮ ਹੋ ਗਈ, ਜਿਸ ਕਾਰਨ ਮਾਲਦੀਵ ਦੇ ਕੌਮਾਂਤਰੀ ਪੱਧਰ ‘ਤੇ ਅਲੱਗ ਥਲੱਗ ਪੈਣ ਦਾ ਖ਼ਤਰਾ ਪੈਦਾ ਹੋ ਗਿਆ ਸੀ। ਅਬਦੁਲਾ ਯਾਮੀਨ ਜੋ ਸਾਬਕਾ ਤਾਨਾਸ਼ਾਹ ਮੌਮੂਨ ਅਬਦੁਲ ਗੇਯੂਮ ਦੇ ਮਤਰੇਏ ਭਰਾ ਹਨ, ਨੂੰ ਮੁਖ ਜੱਜ ਅਹਿਮਦ ਫੈਜ਼ ਨੇ ਸੰਸਦ ਦੇ ਵਿਸ਼ੇਸ਼ ਅਜਲਾਸ ਦੌਰਾਨ ਸਹੁੰ ਚੁਕਾਈ। ਇਸ ਮੌਕੇ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਮੁਹੰਮਦ ਜਮੀਲ ਨੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।