ਕੋਲੰਬੋ, 17 ਨਵੰਬਰ (ਪੀ.ਟੀ.)ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਮਾਮਲੇ ਵਿੱਚ ਆਪਣੇ ਰੁਖ ‘ਤੇ ਅੜੇ ਸ਼੍ਰੀਲੰਕਾਈ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਕੌਮਾਂਤਰੀ ਜਾਂਚ ਦੀ ਮੰਗ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਦੂਜੇ ਦੇਸ਼ਾਂ ਨੂੰ ਸ਼੍ਰੀਲੰਕਾ ‘ਤੇ ਹੁਕਮ ਨਹੀਂ ਚਲਾਉਣਾ ਚਾਹੀਦਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਵੱਲੋਂ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਮਾਮਲਿਆਂ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਨੂੰ ਅਲਟੀਮੇਟਮ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਰਾਜਪਕਸ਼ੇ ਨੇ ਕਿਹਾ ਕਿ ਸ਼੍ਰੀਲੰਕਾ ਨੂੰ ਵਿਚਾਰ-ਵਟਾਂਦਰੇ ਲਈ ਸਮੇਂ ਦੀ ਲੋੜ ਹੈ ਅਤੇ ਇਸ ਨੂੰ ਲੈ ਕੇ ਕੋਈ ਸਮਾਂ-ਸੀਮਾ ਨਹੀਂ ਨਿਰਧਾਰਤ ਕੀਤੀ ਜਾ ਸਕਦੀ। ਉਨ੍ਹਾਂ ਨੇ ਰਾਸ਼ਟਰ ਮੰਡਲ ਦੇਸ਼ਾਂ ਦੇ ਮੁਖੀਆਂਦੀ ਬੈਠਕ ‘ਚੋਗਮ’ ਦੇ ਖਤਮ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਡੇ ਇੱਥੇ ਕਾਨੂੰਨੀ ਵਿਵਸਥਾ ਅਤੇ ਸੰਵਿਧਾਨ ਹੈ ਅਤੇ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਪਰ ਇਸ ਵਿਚ ਸਮਾਂ ਲੱਗੇਗਾ। ਸਾਨੂੰ ਨਾ ਸਿਰਫ ਉੱਤਰ ਸਗੋਂ ਦੱਖਣ ਸ਼੍ਰੀਲੰਕਾ ਦੇ ਲੋਕਾਂ ਦੀ ਸੋਚ ਵਿਚ ਬਦਲਾਅ ਕਰਨਾ ਪਵੇਗਾ। ਰਾਜਪਕਸ਼ੇ ਨੇ ਕਿਹਾ ਕਿ 30 ਸਾਲਾਂ ਤੱਕ ਸੰਘਰਸ਼ ਚੱਲਿਆ ਹੈ ਨਾ ਸਿਰਫ ਤਮਿਲ, ਸਿੰਹਲੀ ਅਤੇ ਮੁਸਲਿਮ ਲੋਕਾਂ ਨੂੰ ਦਰਦ ਝੱਲਣਾ ਪਿਆ ਹੈ। ਉਨ੍ਹਾਂ ਦੀ ਦੇਖਭਾਲ ਕਰਨੀ ਮੇਰੀ ਜ਼ਿੰਮੇਵਾਰੀ ਹੈ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਇਕ ਹਫਤੇ ਜਾਂ ਫਿਰ ਤਿੰਨ-ਚਾਰ ਹਫਤਿਆਂ ਵਿਚ ਇਹ ਕੰਮ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਸਾਡੇ ਵਿਚਾਰਾਂ ਦਾ ਸਨਮਾਨ ਕਰਨਾ ਪਵੇਗਾ। ਤੁਹਾਨੂੰ ਭਾਈਚਾਰਿਆਂ ਨੂੰ ਵੰਡਣ ਦੀ ਕੋਸ਼ਿਸ ਨਹੀਂ ਕਰਨੀ ਚਾਹੀਦੀ।