ਜਲਾਲਾਬਾਦ, 19 ਸਤੰਬਰ (ਸੰਦੀਪ ਮਹੰਤ, ਸਚਿਨ ਦੂਮੜਾ)- ਜ਼ਿਲ੍ਹਾ ਸੀਨੀਅਰ ਪੁਲਸ ਕਪਤਾਨ ਡਾ. ਕੇਤਨ ਬਲੀ ਰਾਮ ਪਾਟਿਲ ਦੇ ਦਿਸ਼ਾ-ਨਿਰਦੇਸ਼ਾਂ ਤੇ ਐਸਪੀਡੀ ਮੁਖਤਿਆਰ ਸਿੰਘ ਫਾਜਿਲਕਾ ਅਤੇ ਡੀਐਸਪੀ ਜਲਾਲਾਬਾਦ ਅਮਰਜੀਤ ਸਿੰਘ ਸਿੱਧੂ, ਸਦਰ ਥਾਣਾ ਮੁਖੀ ਓਮ ਪ੍ਰਕਾਸ਼ ਦੀ ਅਗੁਵਾਈ ਹੇਠ ਸੀਆਈ ਸਟਾਫ ਮਿਲਖ ਰਾਜ ਨੇ ਨਾਕਾਬੰਦੀ ਦੌਰਾਨ ਤਿੰਨ ਮੋਟਰਸਾਇਕਲ ਚੋਰ ਅਮਰਜੀਤ ਸਿੰਘ ਉਰਫ ਰਾਜੂ ਪੁਤਰ ਗੁਰਦੀਪ ਸਿੰਘ ਵਾਸੀ ਨਵਾਂ ਸਲੇਮਸ਼ਾਹ ਥਾਨਾ ਸਦਰ ਫਾਜਿਲਕਾ, ਤਿਰਲੋਕ ਸਿੰਘ ਉਰਫ ਤਿਰਲੋਕੀ ਪੁਤਰ ਅਸ਼ੋਕ ਸਿੰਘ ਕੌਮ ਰਾਏ ਸਿੱਖ ਵਾਸੀ ਨੂਰਸ਼ਾਹ ਥਾਣਾ ਸਦਰ ਫਾਜਿਲਕਾ ਅਤੇ ਸੁਭਾਸ਼ ਸਿੰਘ ਉਰਫ ਬੱਬੂ ਪੁਤਰ ਜੋਗਿੰਦਰ ਸਿੰਘ ਕੌਮ ਰਾਏ ਸਿੱਖ ਵਾਸੀ ਛੋਟਾ ਸਿੱਧੂ ਵਾਲਾ ਥਾਨਾ ਸਦਰ ਜਲਾਲਾਬਾਦ ਨੂੰ ਦੋ ਮੋਟਰਸਾਇਕਲਾਂ ਸਮੇਤ ਗਿਰਫਤਾਰ ਕਰਕੇ ਇਨ੍ਹਾਂ ਖਿਲਾਫ ਧਾਰਾ 379/411 ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਮੀਡੀਆ ਨੂੰ ਜਾਨਕਾਰੀ ਦਿੰਦਿਆਂ ਐਸਪੀਡੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕਰਨ ਤੋਂ ਬਾਅਦ ਇਨ੍ਹਾਂ ਕੋਲੋੇਂ ਕੀਤੀ ਗਈ ਪੁੱਛਗਿੱਛ ਦੌਰਾਨ ਹੋਰ ਵੀ ਚੋਰੀ ਦੇ ਮੋਟਰਸਾਇਕਲ ਬਰਾਮਦ ਹੋਏ ਹਨ। ਜਿੰਨ੍ਹਾਂ ਵਿੱਚ ਅਮਰਜੀਤ ਸਿੰਘ ਕੋਲੋਂ ਤਿੰਨ ਮੋਟਰਸਾਇਕਲ, ਤਿਰਲੋਕ ਸਿੰਘ ਕੋਲੋਂ ਤਿੰਨ ਮੋਟਰਸਾਇਕਲ ਅਤੇ ਸੁਭਾਸ਼ ਸਿੰਘ ਕੋਲੋਂ ਚਾਰ ਹੋਰ ਮੋਟਰਸਾਇਕਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੰਡੀ ਰੋੜਾਂ ਵਾਲੀ ਪੁਲਸ ਵਲੋਂ 19 ਚੋਰੀ ਦੇ ਮੋਟਰਸਾਇਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਪ੍ਰਸ਼ਾਸਨ ਵਲੋਂ ਚੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਸਮੁੱਚੀ ਪੁਲਸ ਗੈਰ ਸਮਾਜਿਕ ਅੰਸਰਾਂ ਖਿਲਾਫ ਮੁਹਿੰਮ ਚਲਾਉਂਦੀ ਰਹੇਗੀ।
ਚੋਰੀ ਦੇ 12 ਮੋਟਰਸਾਇਕਲ ਬਰਾਮਦ ਤਿੰਨ ਦੋਸ਼ੀ ਗਿਰਫਤਾਰ



