ਫਿਲੌਰ – ਸਕੂਲ ਦੇ ਵਿਦਿਆਰਥੀਆਂ ਨੂੰ ਸਾਫ਼ ਸਫ਼ਾਈ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਜਲ ਸਪਲਾਈ ਵਿਭਾਗ ਵਲੋਂ ਫਿਲੌਰ ਬਲਾਕ ਦੇ ਪਿੰਡ ਕੰਗ ਅਰਾਈਆਂ ਦੇ ਸਰਕਾਰੀ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੇ.ਐਸ.ਸੈਣੀ ਅਤੇ ਐਸ.ਡੀ.ਓ. ਪੁਨੀਤ ਭਸੀਨ ਅਤੇ ਗਗਨਦੀਪ ਸਿੰਘ ਵਾਲੀਆ ਨੇ ਵਿਦਿਆਰਥੀਆਂ ਨੂੰ ਸਾਫ਼ ਸਫਾਈ ਰੱਖਣ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਇਹ ਇਕ ਬੇਹੱਦ ਜਰੂਰੀ ਕੰਮ ਹੈ ਜਿਸ ਲਈ ਵਿਦਿਆਰਥੀਆਂ ਨੂੰ ਪੁਰਜ਼ੋਰ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਘਰ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਵੀ ਹਰ ਵਿਅਕਤੀ ਦਾ ਨੈਤਿਕ ਫਰਜ਼ ਹੈ ਅਤੇ ਇਸ ਤੋਂ ਕਿਸੇ ਵੀ ਹਲਾਤ ਵਿੱਚ ਮੂੰਹ ਨਹੀਂ ਮੋੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਸਾਫ਼ ਸੁਥਰਾ ਸਮਾਜ ਹੀ ਇਕ ਸਾਫ਼ ਸੁਥਰੇ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ। ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਮੁਲਕ ਭਰ ਵਿੱਚ ਚੱਲ ਰਹੇ ‘ਸਵੱਛਤਾ ਹੀ ਸੇਵਾ’ ਸਫ਼ਾਈ ਮੁਹਿੰਮ ਦਾ ਕੇਂਦਰ ਬਿੰਦੂ ਹੀ ਵਿਦਿਆਰਥੀਆਂ ਤੇ ਦੇਸ਼ ਦੇ ਹਰ ਨਾਗਰਿਕ ਵਿਚਾਲੇ ਹਰੇ ਭਰੇ ਤੇ ਸਾਫ-ਸੁਥਰੇ ਸਮਾਜ ਨੂੰ ਸਿਰਜਣ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸੈਮੀਨਾਰ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਛੋਟੀ ਉਮਰ ਵਿਚ ਵਾਤਾਵਰਣ ਦੀ ਸੰਭਾਲ ਬਾਰੇ ਜਾਣੂ ਕਰਵਾਉਣਾ ਹੈ। ਇਸ ਮੌਕੇ ’ਤੇ ਵਿਦਿਆਰਥੀਆਂ ਨੂੰ ਸਾਫ਼ ਸਫਾਈ ਰੱਖਣ ਲਈ ਸਹੁੰ ਚੁਕਾਈ ਗਈ ਅਤੇ ਅਧਿਆਪਕਾਂ ਤੇ ਪਿੰਡ ਨਿਵਾਸੀਆਂ ਤੇ ਵਿਦਿਆਰਥੀਆਂ ਵਲੋਂ ਸਕੂਲ ਦੀ ਸਫ਼ਾਈ ਵੀ ਕੀਤੀ ਗਈ।
ਸਕੂਲ ਦੇ ਵਿਦਿਆਰਥੀਆਂ ਨੂੰ ਸਾਫ਼ ਸਫ਼ਾਈ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ



