ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 18 ਸਤੰਬਰ (ਸੁਰਿੰਦਰ ਚੱਠਾ)-ਕਰੀਬ ਅੱਧੀ ਸਦੀ ਪਹਿਲਾਂ ਪਿੰਡਾਂ ਦੀ ਜਿੰਦਗੀ ਅਤੇ ਸ਼ਹਿਰ ਦੀ ਜਿੰਦਗੀ ਵਿੱਚ ਜਮੀਨ ਆਸਮਾਨ ਦਾ ਫਰਕ ਹੁੰਦਾ ਸੀ। ਉਸ ਵੇਲੇ ਪਿੰਡਾਂ ਵਿੱਚ ਵੱਸ ਵਾਲੇ ਲੋਕ ਆਪਣੀਆਂ ਜਰੂਰਤਾਂ ਪਿੰਡ ਪੱਧਰ ਤੇ ਹੀ ਪੂਰੀਆਂ ਕਰਨ ਦਾ ਯਤਨ ਕਰਦੇ ਸਨ। ਉਨ੍ਹਾਂ ਦਿਨਾਂ ਵਿੱਚ ਨਾ ਬਿਜਲੀ ਸੀ ਅਤੇ ਨਾ ਹੀ ਹੁਣ ਵਾਂਗ ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ ਸਨ। ਚਾਨਣ ਲਈ ਸਰੋਂ ਦੇ ਤੇਲ ਦਾ ਦੀਵਾ ਜਾਂ ਮਿੱਟੀ ਦੇ ਤੇਲ ਵਾਲਾ ਲੈਂਪ ਜਾਂ ਲਾਲਟੇਨ ਵਰਤੀ ਜਾਂਦੀ ਸੀ। ਉਸ ਸਮੇਂ ਸ਼ਹਿਰੋਂ ਸਿਰਫ ਮਿੱਟੀ ਦਾ ਤੇਲ ਅਤੇ ਨਮਕ ਹੀ ਖਰੀਦਿਆਂ ਜਾਂਦਾ ਸੀ, ਬਾਕੀ ਹਰ ਜਰੂਰਤ ਪਿੰਡਾਂ ਦੇ ਖੇਤਾਂ ਵਿੱਚੋਂ ਪੂਰੀ ਹੁੰਦੀ ਸੀ। ਖਾਣੇ ਵਿੱਚ ਵਖਰੇਵਾਂ ਲਿਆਉਣ ਲਈ ਪਿੰਡ ਦੇ ਸੱਥ ਵਿੱਚ ਮਹਿਰਾ ਸਿੱਖ ਪਰਿਵਾਰ ਆਪਣੀ ਭੱਠੀ ਤੇ ਦਾਣੇ ਭੁੰਨਣ ਦਾ ਕੰਮ ਕਰਦਾ ਸੀ ਅਤੇ ਉਸ ਪਰਿਵਾਰ ਦਾ ਗੁਜਾਰਾ ਭੱਠੀ ਦੀ ਕਮਾਈ ਨਾਲ ਹੀ ਹੁੰਦਾ ਸੀ। ਪਿੰਡਾਂ ਦਾ ਸ਼ਹਿਰੀਕਰਨ ਹੋਣ ਕਰਕੇ ਸਭ ਕੁਝ ਬਦਲ ਗਿਆ ਹੈ। ਸਿਰਫ ਕੁਝ ਯਾਦਾਂ ਪਿਛੇ ਰਹਿ ਗਈਆਂ ਹਨ। ਬਜੁਰਗਾਂ ਦੇ ਦੱਸਣ ਮੁਤਾਬਿਕ ਸਵੇਰ ਤੋਂ ਦਿਨ ਢਲੇ ਤੱਕ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਅਤੇ ਘਰ ਦੇ ਕੰਮਾਂ ਵਿੱਚ ਰੁਝੀਆ ਔਰਤਾਂ ਲਈ ਸਾਮ ਦਾ ਸਮਾਂ ਖਾਣ ਪੀਣ, ਹਾਸਾ ਮਜਾਕ ਕਰਨ ਅਤੇ ਬੱਚਿਆ ਨੂੰ ਖਿਡਾਉਣ ਦਾ ਸਮਾ ਹੁੰਦਾ ਸੀ। ਹਰ ਰੋਜ ਪਰਨੇ ਦੇ ਲੜ, ਮੱਕੇ ਦੇ ਦਾਣੇ, ਛੋਲਿਆਂ ਦੇ ਦਾਣੇ, ਜਵਾਂ ਦੇ ਦਾਣੇ ਅਤੇ ਗੁੜ ਮਰੂੰਡਾ ਬਣਾਉਣ ਲਈ ਕਣਕ ਦੇ ਦਾਣੇ ਵੀ ਭੱਠੀ ਤੋਂ ਭੁੰਨਾਏ ਜਾਂਦੇ ਸਨ। ਜਿਨ੍ਹਾਂ ਨੂੰ ਸਾਰਾ ਪਰਿਵਾਰ ਇਕੱਠੇ ਵੇਹੜੇ ਵਿੱਚ ਬੈਠਕੇ ਖਾਂਦਾ ਸੀ। ਇਹ ਦ੍ਰਿਸ਼ ਹਰ ਰੋਜ਼ ਸ਼ਾਮ ਨੂੰ ਕਿਸੇ ਵੀ ਘਰੇ ਦੇਖਿਆ ਜਾ ਸਕਦਾ ਸੀ। ਸਮੇਂ ਦੇ ਬਦਲਣ ਨਾਲ ਨਾ ਉਹ ਪਿੰਡ ਰਹੇ ਨਾ ਉਹ ਲੋਕ ਰਹੇ ਨਾ ਉਹ ਸਾਂਝਾ ਰਹੀਆਂ ਅਤੇ ਨਾ ਹੀ ਉਹ ਖਾਣ ਪੀਣ ਰਿਹਾ। ਸਮੇਂ ਨੇ ਮਨੁੱਖ ਨੂੰ ਮਸੀਨ ਬਣਾ ਦਿੱਤਾ ਹੈ ਅਤੇ ਮਸੀਨਾਂ ਨੂੰ ਭੱਠੀਆਂ ਦੇ ਭੁੱਜੇ ਦਾਣੇ ਪਸੰਦ ਨਹੀਂ ਆ ਸਕਦੇ। ਸੋ ਦਾਣੇ ਭੁੰਨਣ ਵਾਲੀ ਭੱਠੀ ਅੱਜ ਇੱਕ ਯਾਦ ਬਣ ਕੇ ਰਹਿ ਗਈ ਹੈ, ਜਿਸ ਨੂੰ ਆਉਣ ਵਾਲੀਆਂ ਪੀੜੀਆਂ ਤਸਵੀਰਾਂ ਰਾਹੀਂ ਦੇਖਿਆ ਕਰਨਗੀਆਂ।
ਪੰਜਾਬ ਦੇ ਵਿਰਸੇ ਦੀ ਸ਼ਾਨ ਹੁੰਦੀ ਸੀ ਦਾਣੇ ਭੁੰਨਣ ਵਾਲੀ ਭੱਠੀ



