ਜਲੰਧਰ 14 ਸਤੰਬਰ 2017 – ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਭਗਵਾਨ ਵਾਲਮਿਕੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧਿਤ ਵਿੱਚ 4 ਅਕਤੂਬਰ ਨੂੰ ਜਲੰਧਰ ਤੋਂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਲਈ ਜ਼ਿਲ੍ਹਾ ਪ੍ਰਸ਼ਾਸਨ ਮੁਕੰਮਲ ਪ੍ਰਬੰਧ ਕਰੇਗਾ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਸਿਟੀ ਵਾਲਮਿਕੀ ਸਭਾ ਅਤੇ ਭਗਵਾਨ ਵਾਲਮਿਕੀ ਉਤਸਵ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸ਼ੋਭਾ ਯਾਤਰਾ ਨੂੰ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਲੋੜੀਂਦਾ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਇਸ ਸਬੰਧ ਵਿੱਚ ਸਮੁੱਚੇ ਪ੍ਰਬੰਧ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਇਸ ਸ਼ੋਭਾ ਯਾਤਰਾ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਲਈ ਵਚਨਬੱਧ ਹਨ।
ਉਨ੍ਹਾ ਕਿਹਾ ਕਿ ਸ਼ੋਭਾ ਯਾਤਰਾ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੈਡੀਕਲ ਟੀਮਾਂ ਦੀ ਤਾਇਨਾਤੀ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਵਾਈਆਂ, ਐੰਬੂਲੈਂਸ ਵੀ ਸੇਵਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਸਾਫ ਸਫਾਈ ਅਤੇ ਫਾਇਰ ਬ੍ਰਿਗੇਡ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੋਭਾ ਯਾਤਰਾ ਵਿੱਚ ਲੋਕਾਂ ਦੇ ਪੀਣ ਵਾਲੇ ਪਾਣੀ ਲਈ ਮਾਰਕੀਟ ਕਮੇਟੀ ਅਤੇ ਨਗਰ ਨਿਗਮ ਵੱਲੋਂ ਸਾਂਝੇ ਤੌਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਲਈ ਪਾਣੀ ਦੇ ਟੈਂਕਰ ਲਗਾਏ ਜਾਣਗੇ। ਪਬਲਿਕ ਹੈਲਥ ਵਿਭਾਗ ਵੱਲੋਂ ਆਰਜ਼ੀ ਪਖਾਨੇ ਬਣਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਸ਼ੋਭਾ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਨ ਤੇ ਭਗਵਾਨ ਵਾਲਮਿਕੀ ਜੀ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ।
ਮੌਕੇ ’ਤੇ ਮੌਜੂਦ ਜ¦ਧਰ ਪੁਲਿਸ ਦੇ ਡਿਪਟੀ ਕਮਿਸ਼ਨਰ ਸ੍ਰ. ਰਜਿੰਦਰ ਸਿੰਘ ਨੇ ਕਿਹਾ ਕਿ ਇਸ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਸ਼ਰਧਾਲੂ ਸ਼ਿਰਕਤ ਕਰਦੇ ਹਨ ਜਿਸਦੇ ਮੱਦੇਨਜ਼ਰ ਸੁਰੱਖਿਆ ਦੇ ਇਹ ਇੰਤਜ਼ਾਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ, ਟ੍ਰੈਫਿਕ ਅਤੇ ਪਾਰਕਿੰਗ ਦੇ ਪ੍ਰਬੰਧਾਂ ਲਈ ਪੁਲੀਸ ਵਿਭਾਗ ਵੱਲੋਂ ਵੱਖੋ-ਵੱਖਰੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਔਰਤਾਂ ਦੀ ਸੁਰੱਖਿਆ ਲਈ ਮਹਿਲਾ ਪੁਲੀਸ ਦੀ ਵਿਸ਼ੇਸ਼ ਤੌਰ ‘ਤੇ ਤਾਇਨਾਤੀ ਕੀਤੀ ਜਾ ਰਹੀ ਹੈ। ਪੁਲਿਸ ਦੇ ਡਿਪਟੀ ਕਮਿਸ਼ਨਰ ਸ੍ਰ.ਰਜਿੰਦਰ ਸਿੰਘ,ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐਸ.ਡੀ.ਐਮ.ਰਾਜੀਵ ਵਰਮਾ ਅਤੇ ਡੀ.ਐਸ.ਪੀ. ਸ੍ਰੀ ਸੁਰਿੰਦਰ ਮੋਹਨ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਵਾਲਮਿਕੀ ਭਾਈਚਾਰੇ ਦੇ ਆਗੂ ਜਿਨ੍ਹਾਂ ਵਿੱਚ ਸ੍ਰੀ ਅੰਮ੍ਰਿਤ ਖੋਸਲਾ, ਸ੍ਰੀ ਸੁਭਾਸ਼ ਸੌਂਧੀ, ਸ੍ਰੀ ਚੰਦਨ ਗਰੇਵਾਲ, ਸ੍ਰੀ ਰਾਜ ਕੁਮਾਰ ਰਾਜੂ, ਸ੍ਰੀ ਰਾਜੇਸ਼ ਭੱਟੀ, ਸ੍ਰੀ ਜਤਿੰਦਰ ਨਿੱਕਾ, ਸ੍ਰੀ ਵਿਪਿਨ ਸਭਰਵਾਲ, ਸ੍ਰੀ ਸਤਪਾਲ ਗਿੱਲ, ਸ੍ਰੀ ਸ਼ਸ਼ੀ ਸ਼ਰਮਾ, ਸ੍ਰੀ ਰਾਜੇਸ਼ ਪਦਮ, ਸ੍ਰੀ ਅਸੋਕ ਭੀਲ, ਸ੍ਰੀ ਅਜੈ ਖੋਸਲਾ, ਸ੍ਰੀ ਸਨੀ , ਸ੍ਰੀ ਸੋਮ ਨਾਥ ਗਿੱਲ, ਸ੍ਰੀ ਰਜਿੰਦਰ ਸਭਰਵਾਲ, ਸ੍ਰੀਮਤੀ ਆਨੰਦ ਰਾਣੀ ਸਭਰਵਾਲ, ਸ੍ਰੀਮਤੀ ਸ਼ੁਸ਼ਮਾ ਸ਼ਰਮਾ ਅਤੇ ਸ੍ਰੀ ਸਤਪਾਲ ਗਿੱਲ ਸ਼ਾਮਿਲ ਸਨ ਨੇ ਭਰਪੂਰ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ 4 ਅਕਤੂਬਰ ਨੂੰ ਸ਼ਹਿਰ ਵਿੱਚ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਨਾਲ-ਨਾਲ 3 ਅਕਤੂਬਰ ਨੂੰ ਬਸਤੀ ਖੇਤਰ ਵਿੱਚ ਨਿਕਲਣ ਵਾਲੀ ਸ਼ੋਭਾ ਯਾਤਰਾ ਲਈ ਵੀ ਸੁਚੱਜੇ ਪ੍ਰਬੰਧ ਕਰਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੋਂ ਸ਼ੋਭਾ ਯਾਤਰਾ ਦੇ ਦਿਨਾਂ ਦੌਰਾਨ ਸ਼ਹਿਰ ਵਿੱਚ ਵੱਡੇ ਵਾਹਨਾਂ ਦੇ ਪ੍ਰਵੇਸ਼ ’ਤੇ ਵੀ ਰੋਕ ਲਗਾਉਣ ਦੀ ਅਪੀਲ ਕੀਤੀ।
ਜ਼ਿਲ੍ਹਾ ਪ੍ਰਸ਼ਾਸਨ ਭਗਵਾਨ ਵਾਲਮਿਕੀ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਲਈ ਸੁਚੱਜੇ ਪ੍ਰਬੰਧ ਕਰਨ ਲਈ ਵਚਨਬੱਧ-ਡੀ.ਸੀ.



