ਅੰਮ੍ਰਿਤਸਰ, 4 ਨਵੰਬਰ (ਮਨਿੰਦਰ ਸਿੰਘ ਗੋਰੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਰੀ-ਪੀਰੀ ਦੇ ਮਾਲਕ ਦਾਤਾ ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ‘ਚੋਂ 52 ਰਾਜਿਆਂ ਸਮੇਤ ਰਿਹਾਅ ਹੋਣ ਉਪਰੰਤ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਪਹੁੰਚਣ ਨੂੰ ਸਮਰਪਿਤ ਬੰਦੀ-ਛੋੜ ਦਿਵਸ (ਦੀਵਾਲੀ) 12 ਤੋਂ 14 ਨਵੰਬਰ ਤੀਕ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਲੱਖਾਂ ਸੰਗਤਾਂ ਨੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦੀ ਦਰਸ਼ਨੀ ਡਿਊੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਦੇਂਦਿਆਂ ਕਿਹਾ ਕਿ ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੰਗਤਾਂ ਦੇ ਦਰਸ਼ਨ ਕਰਨੇ ਸਨ, ਪ੍ਰੰਤੂ ਪਰਿਵਾਰਕ ਮਜ਼ਬੂਰੀ ਹੋਣ ਕਰਕੇ ਉਹ ਆ ਨਹੀਂ ਸਕੇ ਪਰ ਮਨ ਕਰਕੇ ਉਹ ਇਥੇ ਜ਼ਰੂਰ ਹਨ। ਮੈਂ ਉਹਨਾਂ ਵੱਲੋਂ ਵੀ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ-ਦਿਵਸ (ਦੀਵਾਲੀ) ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾਂ ਹਾਂ। ਸਿੰਘ ਸਾਹਿਬ ਨੇ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਇਸ ਤਖ਼ਤ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਸਭ ਤੋਂ ਪਹਿਲਾਂ ਵਿਸ਼ਵ ਭਰ ਦੇ ਸਮੂੰਹ ਸਿੱਖ ਭਾਈਚਾਰੇ ਦਾ ਅਤੇ ਅੱਜ ਇਤਿਹਾਸਕ ਬੰਦੀ-ਛੋੜ ਦਿਵਸ ਦੇ ਸੁਭਾਗੇ ਸਮੇਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ। ਇਸ ਨਿਰਮਲ ਪੰਥ ਦੇ ਵਾਰਸ ਆਪਣੀ ਗੌਰਵਮਈ ਰਵਾਇਤ ਅਨੁਸਾਰ ਤੇ ਵੈਸਾਖੀ ਦੇ ਦਿਹਾੜੇ ‘ਤੇ ਸਰਬੱਤ ਖਾਲਸੇ ਦੇ ਰੂਪ ਵਿਚ ਹਾਜ਼ਰੀ ਭਰਦੇ ਰਹੇ ਹਨ ਅਤੇ ਪੰਥ ਦੇ ਨਾਉ ਜਾਰੀ ਹੋਏ ਆਦੇਸ਼/ਸੰਦੇਸ਼ ਨੂੰ ਸਰਵਣ ਕਰਕੇ ਆਪਣਾ ਧਰਮ ਪਾਲਣ ਦਾ ਪ੍ਰਣ ਕਰਦਿਆਂ ਉਮਾਹ ਤੇ ਉਤਸ਼ਾਹ ਨਾਲ ਘਰਾਂ ਨੂੰ ਰਵਾਨਾ ਹੁੰਦੇ ਹਨ। ਸਿੱਖ ਕੌਮ ਨੂੰ ਮਾਣ ਹੈ ਕਿ ਇਸ ਨੇ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਪਹਿਚਾਣ ਸਥਾਪਤ ਕੀਤੀ ਹੈ। ਇਹ ਸਭ ਗੁਰੂ ਸਾਹਿਬਾਂ ਦੀਆਂ ਮਹਾਨ ਬਖ਼ਸ਼ਿਸ਼ਾਂ, ਰਹਿਮਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਬਖ਼ਸ਼ੀ ਜੀਵਨ ਜਾਚ ਤੇ ਮਹਾਨ ਫਲਸਫ਼ੇ ਦਾ ਪ੍ਰਗਟ ਰੂਪ ਹੈ। ਅੱਜ ਇਸ ਨਿਰਮਲ ਪੰਥ ਦੇ ਵਾਰਸ ਸੰਸਾਰ ਭਰ ਵਿਚ ਸਿੱਖੀ ਦੀ ਖੁਸ਼ਬੋਈ ਨੂੰ ਬਿਖੇਰ ਰਹੇ ਹਨ। ਮੈਂ ਇਸ ਤਖ਼ਤ ਦਾ ਨਿਮਾਣਾ ਸੇਵਾਦਾਰ ਹੋਣ ਦੇ ਨਾਤੇ ਸਰਬੱਤ ਸੰਗਤਾਂ ਨਾਲ ਸੰਦੇਸ਼ ਰਾਹੀਂ ਸਾਂਝ ਪਾ ਰਿਹਾ ਹਾਂ।
ਜਾਗ੍ਰਿਤ ਤੇ ਗੈਰਤਮੰਦ ਕੌਮਾਂ ਹਰ ਯੁੱਗ ਵਿਚ ਅੰਦਰੂਨੀ ਤੇ ਬਹਿਰੂਨੀ ਸਮੱਸਿਆਵਾਂ ਨਾਲ ਜੂਝਦੀਆਂ ਹਨ। ਸਰਬੱਤ ਦਾ ਭਲਾ ਤੇ ਚੜ੍ਹਦੀ ਕਲਾ ਦੀ ਉਮੰਗ ਸਾਡੀ ਰੋਜ਼ਾਨਾ ਦੀ ਅਰਦਾਸ ਹੈ, ਪਰ ਇਸ ਨਿਰਮਲ ਪੰਥ ਦੀ ਮਰਯਾਦਾ ਨੂੰ ਕਾਇਮ ਰੱਖਣ ਲਈ ਸਿੱਖ ਥਿੜਕਦਾ ਵੀ ਨਹੀਂ। ਅਸੀਂ ਸਾਰੇ ਸਤਿਗੁਰਾਂ ਦੇ ਨਾਦੀ ਪੁੱਤਰ/ਪੁੱਤਰੀਆਂ ਇਸ ਸੁਭਾਗੇ ਦਿਨ ‘ਤੇ ਪ੍ਰਣ ਕਰੀਏ ਕਿ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੋਰ ਵੀ ਉਤਸ਼ਾਹ ਨਾਲ ਕਾਰਜਸ਼ੀਲ ਹੋਈਏ। ਇਹ ਦੇਹਧਾਰੀ ਗੁਰੂ ਡੰਮ੍ਹ, ਫੋਕਟ ਕਰਮ ਕਾਂਡ, ਕਬਰਾਂ ਮੜ੍ਹੀਆਂ ਦੀ ਪੂਜਾ, ਜੰਤਰਾਂ ਮੰਤਰਾਂ ਤੰਤਰਾਂ ਦੇ ਭਰਮ ਰੂਪੀ ਅਗਿਆਨਤਾ ਦੇ ਹਨ੍ਹੇਰੇ ਨੂੰ ਗੁਰ-ਸ਼ਬਦ ਦੀ ਰੋਸ਼ਨੀ ਨਾਲ ਦੂਰ ਕਰੀਏ ਤੇ ਗੁਰਮਤੀ ਜੀਵਨ ਜੀਵੀਏ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦੀ ਆਗਿਆ ਦੇ ਨਾਲ ਸਾਜਿਆ ਅਤੇ ਨਿਵਾਜਿਆ ਗੁਰੂ ਪੰਥ ਜਿਸ ਦੀ ਤਿਆਰੀ ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਤਕ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ। ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਇਸ ਨਿਆਰੇ ਗੁਰੂ ਪੰਥ ਦੀ ਬੁਨਿਆਦ ਹੈ। ਵੱਖ ਵੱਖ ਸੰਪ੍ਰਦਾਵਾਂ, ਟਕਸਾਲਾਂ, ਜਥੇਬੰਦੀਆਂ ਅਤੇ ਹਰ ਸਿੱਖ ਇਸ ਅਕਾਲੀ ਪੰਥ ਦਾ ਅੰਗ ਹੈ ਪਰ ਪੰਥ ਇਹਨਾਂ ਸਾਰਿਆਂ ਦੇ ਸੰਗਠਨ ਨੂੰ ਹੀ ਕਿਹਾ ਜਾ ਸਕਦਾ ਹੈ। ਸਾਰੇ ਸਿੱਖ ਜਗਤ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਉਕਤ ਸਿੱਖ ਰਹਿਤ ਮਰਯਾਦਾ ਅਤੇ ਗੁਰੂ ਪੰਥ ਦੇ ਬੁਨਿਆਦੀ ਸਿਧਾਂਤ ਤੇ ਅਮਲ ਕਰਦਿਆਂ ਹੋਇਆਂ ਸਾਰੀ ਮਾਨਵਤਾ ਦੀ ਸੇਵਾ ਸਾਡਾ ਫ਼ਰਜ਼ ਅਤੇ ਹੱਕ ਹੈ। ਇਸ ਇੱਕੀਵੀਂ ਸਦੀ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਵੱਧ ਰਹੀ ਹੈ। ਇਸ ਵਰਤਾਰੇ ਨੂੰ ਸਮਝਣ ਦੀ ਬਹੁਤ ਲੋੜ ਹੈ। ਇਸ ਦਾ ਹੱਲ ਗੁਰਸਿੱਖੀ ਜੀਵਨ ਜਾਂਚ, ਬਾਣੀ-ਬਾਣੇ ਦਾ ਸਵੈ-ਮਾਣ, ਪ੍ਰਭੂ ਹੁਕਮ ਵਿਚ ਰਹਿਣ ਦਾ ਸੁਭਾਅ ਤੇ ਗੁਰਮਤਿ ਦੀਆਂ ਉਚੇਰੀਆਂ ਕਦਰਾਂ ਕੀਮਤਾਂ ਨੂੰ ਅਮਲੀ ਜੀਵਨ ਵਿਚ ਢਾਲਣਾ ਹੈ। ਮੈਂ ਅੱਜ ਦੇ ਦਿਨ ਸਮੂੰਹ ਧਾਰਮਿਕ, ਸਮਾਜਿਕ, ਸਭਾ ਸੁਸਾਇਟੀਆਂ ਤੇ ਰਾਜਨੀਤਕ ਪਾਰਟੀਆਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਉਹ ਸਿੱਖੀ ਸਿਧਾਤਾਂ ਤੇ ਮਰਯਾਦਾ ਦਾ ਸਤਿਕਾਰ ਕਾਇਮ ਰੱਖਦਿਆਂ ਹੋਇਆਂ ਸਮਾਜ ਦੇ ਸਾਹਮਣੇ ਉੱਚੀਆਂ ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਸਥਾਪਿਤ ਕਰਨ। ਸਤਿਗੁਰਾਂ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਵਾਲੇ ਵਾਰਸ ਪੈਦਾ ਕੀਤੇ ਹਨ, ਇਹਨਾਂ ਸਿਧਾਤਾਂ ਤੋਂ ਭੱਜਣ ਵਾਲੇ ਨਹੀਂ। ਇਸ ਦੇ ਲਈ ਸਮੁੰਚੇ ਸਮਾਜ ਨੂੰ ਸਵੈ-ਚਿੰਤਨ ਦੀ ਹੋਰ ਵੀ ਜ਼ਰੂਰਤ ਹੈ। ਖ਼ਾਲਸਾ ਜੀ! ਸਿੱਖ ਪੰਥ ਬਿਬੇਕੀਆਂ ਦਾ ਪੰਥ ਹੈ, ਤਰਕੀਆਂ ਦਾ ਪੰਥ ਨਹੀਂ। ਇਸ ਨੂੰ ਸਮਝਣ ਦੀ ਤੇ ਪ੍ਰਚਾਰਨ ਦੀ ਅਹਿਮ ਲੋੜ ਹੈ। ਸਮਾਂ ਮੰਗ ਕਰਦਾ ਹੈ ਕਿ ਸਿੱਖ ਬੱਚਿਆਂ ਦੀਆਂ ਸੋਚਾਂ ਵਿਚ ਇਕ ਸਿੱਖੀ ਸਰੂਪ ਤੇ ਬਾਣੀ-ਬਾਣੇ ਦਾ ਧਾਰਨੀ ਹੋਣ ਦਾ ਚਾਅ ਪੈਦਾ ਕਰੀਏ। ਨਕਲ ਤੇ ਨਸ਼ੇ ਨੇ ਪੰਜਾਬ ਨੂੰ ਵੱਡੀ ਢਾਅ ਲਾਈ ਹੈ। ਪੰਜਾਬ ਦੇ ਸਿੱਖਾਂ ਨੂੰ ਮੁਕਾਬਲੇ ਦੇ ਯੁੱਗ ਵਿਚ ਵੱਡੀ ਜਾਗ੍ਰਤੀ ਦੀ ਲੋੜ ਹੈ। ਬੰਦੀ-ਛੋੜ ਦਿਵਸ ਨੂੰ ਅਸੀਂ ਸੰਸਾਰ ਭਰ ਵਿਚ ਨਿਆਰਾ ਰੂਪ ਨਹੀਂ ਦੇ ਸਕੇ। ਬੰਦੀ-ਛੋੜ ਦਿਵਸ ਨੂੰ ਅਸੀਂ ਗੁਰਦੁਆਰਿਆਂ ਵਿਚ ਗੁਰਮਤਿ ਸਮਾਗਮ ਵਾਂਗ ਵੀ ਮਨਾਉਣਾ ਸ਼ੁਰੂ ਕਰੀਏ। ਇਹ ਦਿਹਾੜਾ ਨਸ਼ੇ ਕਰਨ ਤੇ ਜੂਆ ਖੇਡਣ ਦਾ ਦਿਨ ਬਣਦਾ ਜਾ ਰਿਹਾ ਹੈ ਜੋ ਗੁਰਮਤਿ ਤੋਂ ਉਲਟ ਹੈ। ਨਿਰਮਲ ਪੰਥ ਦੀਆਂ ਮਹਾਨ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਜਾਤਾਂ-ਪਾਤਾਂ ਦੇ ਭੇਦ, ਨਿੱਜੀ ਹਊਮੈ, ਸਿਹਤਮੰਦ, ਬਲਵਾਨ ਜੁਸਿਆਂ ਵਾਲੇ ਸਾਬਤ ਸੂਰਤ ਖਿਡਾਰੀ ਪੈਦਾ ਕਰਨ ਲਈ ਉੱਚ ਕੋਟੀ ਦੇ ਵਿਦਿਅਕ ਤੇ ਖੇਡ ਅਦਾਰੇ ਕਾਇਮ ਕੀਤੇ ਜਾਣ ਤਾਂ ਕਿ ਸਿੱਖੀ ਸਰੂਪ ਦਾ ਜਲੋਅ ਪਤਿਤ ਤੇ ਨਸ਼ੇੜੀ ਨੌਜਵਾਨਾਂ ਨੂੰ ਪ੍ਰੇਰਿਤ ਕਰੇ। ਹਰ ਗੁਰਸਿੱਖ ਪਰਿਵਾਰ ਵਿਚ ਬੱਚਿਆਂ ਨੂੰ ਗੁਰਮੁਖੀ ਦਾ ਗਿਆਨ ਜ਼ਰੂਰ ਦੇਵੋ। ਹੋਰ ਭਾਸ਼ਾਵਾਂ ਵੀ ਵੱਧ ਤੋਂ ਵੱਧ ਸਿੱਖੋ ਪਰ ਮਾਤ ਭਾਸ਼ਾ ਦਾ ਸਤਿਕਾਰ ਕਰਦਿਆਂ ਦੁਕਾਨਾਂ, ਮਕਾਨਾਂ ਦੇ ਬੋਰਡ ਤੇ ਨਾਮ ਪਲੇਟਾਂ, ਖੁਸ਼ੀ ਗਮੀ ਦੇ ਸੱਦੇ ਪੱਤਰ ਵਿਚ ਪੰਜਾਬੀ ਨੂੰ ਸ਼ੁਸ਼ੋਭਿਤ ਕਰੀਏ। ਸਤਿਗੁਰੂ ਕਿਰਪਾ ਕਰਨ ਕਿ ਤੁਹਾਡੇ ਸਾਰਿਆਂ ਦੇ ਘਰਾਂ ਵਿਚ ਖੁਸ਼ੀਆਂ ਖੇੜਿਆਂ ਦਾ ਨਿਵਾਸ ਹੋਵੇ, ਗਿਆਨ ਦਾ ਪ੍ਰਕਾਸ਼ ਹੋਵੇ ਅਤੇ ਇਸ ਨਿਰਮਲ ਪੰਥ ਦੀ ਖੁਸ਼ਬੋਈ ਆਵੇ। ਇਸ ਤੋਂ ਪਹਿਲਾਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ, ਪ੍ਰਸਿੱਧ ਕਥਾ ਵਾਚਕ ਭਾਈ ਰਣਜੀਤ ਸਿੰਘ ਗੌਹਰ-ਏ-ਮਸਕੀਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ ਤੇ ਆਪਣੇ ਵਿਚਾਰਾਂ ਰਾਹੀਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲੇ ‘ਚੋਂ 52 ਰਾਜਿਆਂ ਸਮੇਤ ਰਿਹਾਈ ਤੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਅਤੇ ਇਸ ਦਿਨ ਦੀ ਸੰਗਤਾਂ ਨੂੰ ਮੁਬਾਰਕਬਾਦ ਦੇਦਿਆਂ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਕਿਹਾ। ਮੰਚ ਦੀ ਸੇਵਾ ਸ.ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ। ਬੰਦੀ-ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ 2 ਤੋਂ 4 ਨਵੰਬਰ ਤੀਕ ਧਾਰਮਿਕ ਦੀਵਾਨ ਸਜ਼ਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਤੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਹਨਾਂ ਦਿਨਾਂ ਵਿੱਚ ਰੋਜ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। ਬੰਦੀ-ਛੋੜ ਦਿਵਸ (ਦੀਵਾਲੀ) ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮਨਮੋਹਕ ਦੀਪਮਾਲਾ ਕੀਤੀ ਗਈ ਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਗਈ।
ਇਸ ਮੌਕੇ ਸ.ਮਨਜੀਤ ਸਿੰਘ ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਗੁਰਿੰਦਰ ਸਿੰਘ ਤੇ ਸ.ਮਨਜਿੰਦਰ ਸਿੰਘ ਮੰਡ ਐਡੀ:ਮੈਨੇਜਰ, ਬਾਬਾ ਮੇਜਰ ਸਿੰਘ ਵਾਂ ਵਾਲੇ ਤੇ ਬਾਬਾ ਬੰਤਾ ਸਿੰਘ ਆਦਿ ਮੌਜੂਦ ਸਨ।