June 24, 2026 11:10 pm

ਸੰਤ ਸੀਚੇਵਾਲ ਨੇ ਬੂਟੇ ਲਾ ਕੇ ਮਨਾਈ ਹਰੀ ਦੀਵਾਲੀ

ਸੁਲਤਾਨਪੁਰ ਲੋਧੀ, 4 ਨਵੰਬਰ (ਵਿਸ਼ਵ ਵਾਰਤਾ)-ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਧੂੰਏ ਰਹਿਤ ਮਨਾਉਂਦਿਆਂ ਇਸ ਮੌਕੇ ਬੂਟੇ ਲਾ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਆਪਣੇ ਸ਼ਰਧਾਲੂਆਂ ਸਮੇਤ ਪਵਿੱਤਰ ਕਾਲੀ ਵੇਈਂ ‘ਤੇ ਦੇਸੀ ਘਿਓ ਤੇ ਤੇਲ ਦੇ ਦੀਵਿਆਂ ਨਾਲ ਦੀਪਮਾਲਾ ਕੀਤੀ।
ss
ਗੁਰਦੁਆਰਾ ਬੇਰ ਸਾਹਿਬ ਵਿਖੇ ਪਵਿੱਤਰ ਕਾਲੀ ਵੇਈਂ ਕਿਨਾਰੇ ਬਣਾਏ ਜਾ ਰਹੇ ਇਸ਼ਨਾਨਘਾਟਾਂ ‘ਤੇ ਵੀ ਬੜੀ ਸੁੰਦਰ ਤਾਰੀਕੇ ਨਾਲ ਦੀਪਮਾਲਾ ਕੀਤੀ ਹੋਈ ਸੀ। ਦੀਵਾਲੀ ਦੀ ਰਾਤ ਨੂੰ ਸੰਤ ਸੀਚੇਵਾਲ ਦੇ ਕਿਸੇ ਵੀ ਸ਼ਰਧਾਲੂ ਨੇ ਇੱਕ ਵੀ ਪਟਾਖਾ ਨਹੀਂ ਚਲਾਇਆ। ਸੰਤ ਸੀਚੇਵਾਲ ਨੇ ਨਿਰਮਲ ਕੁਟੀਆ ਸੀਚੇਵਾਲ ਤੇ ਹੋਰ ਥਾਵਾਂ ‘ਤੇ ਦੀਵਾਲੀ ਵਾਲੇ ਦਿਨ ਬੂਟੇ ਲਾਏ। ਉਨ੍ਹਾਂ ਕਿਹਾ ਕਿ ਪਟਾਖਿਆਂ ਦੇ ਜ਼ਹਿਰੀਲੇ ਧੂੰਏ ਨਾਲ ਲੋਕਾਂ ਨੂੰ ਤੇ ਜੀਵ ਜੰਤੂਆਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਹਾਜ਼ਾਰਾਂ ਰੂਪੈ ਦੇ ਪਟਾਖੇ ਲੈ ਕੇ ਉਸ ਨੂੰ ਅੱਗ ਲਾ ਦਿੰਦੇ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਗਰੀਬ ਬੱਚਿਆਂ ਦੀ ਜਿੰਦਗੀ ਰੌਸ਼ਨਾਉਣ ਲਈ ਉਨ੍ਹਾਂ ਨੂੰ ਕਾਪੀਆਂ ਕਿਤਾਬਾਂ ਲੈ ਕੇ ਦਿੱਤੀਆ ਜਾ ਸਕਦੀਆਂ ਹਨ ਕਿਉਂਕਿ ਅੱਖਰ ਗਿਆਨ ਨਾਲ ਹੀ ਸਮਾਜ ਨੂੰ ਹਨੇਰ੍ਹੇ ਦੀ ਖੱਡ ‘ਚੋਂ ਕੱਢਿਆ ਜਾ ਸਕਦਾ ਹੈ। ਦਿਨ ਵੇਲੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਏ ਮੱਸਿਆ ਦੇ ਦੀਵਾਨ ‘ਚ ਵੀ ਸੰਤ ਸੀਚੇਵਾਲ ਨੇ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ  ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ। ਇਸ ਨੂੰ ਇਸੇ ਭਾਵਨਾ ‘ਚ ਮਨਾਉਣਾ ਚਾਹੀਦਾ ਹੈ ਨਾ ਕਿ ਕੰਨ ਪਾੜ੍ਹਵੀ ਅਵਾਜ਼ ਪੈਦਾ ਕਰਨ ਵਾਲੇ ਪਟਾਖੇ ਵਜਾ ਕੇ। ਇਸ ਤੋਂ ਪਹਿਲਾਂ ਉਨ੍ਹਾਂ ਨੇ 1984 ‘ਚ ਦਿੱਲੀ ਵਿਖੇ ਮਾਰੇ ਗਏ ਸਿੱਖਾਂ ਨੂੰ ਸ਼ਰਧਾਜਲੀ ਭੇਂਟ ਕੀਤੀ।

Send this to a friend