ਜਲੰਧਰ, 4 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਨਵੰਬਰ 1984 ਸਿੱਖ ਕਤਲੇਆਮ ਵਿਰੁੱਧ ਰੋਸ ਅਤੇ ਰੋਹ ਦਾ ਮੁਜ਼ਾਹਰਾ ਕਰਨ ਅਤੇ ਗੁਲਾਮੀ ਵਿਰੁੱਧ ਚੇਤੰਨਤਾ ਪੈਦਾ ਕਰਨ ਲਈ ਜਲੰਧਰ ਵਿਖੇ 1 ਨਵੰਬਰ ਨੂੰ ਕੱਢੇ ਗਏ ਆਜ਼ਾਦੀ ਮਾਰਚ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਿਲ ਸਿੱਖ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਨੌਜਵਾਨਾਂ ਨੇ ਵੱਡੀ ਜਿਣਤੀ ਵਿੱਚ ਸੜਕਾਂ ਉਤੇ ਉਤਰਕੇ ਦਰਸਾਇਆ ਹੈ ਕਿ ਉਹ 29 ਵਰ੍ਹੇ ਪਹਿਲਾਂ ਸੇਖਾਂ ਨਾਲ ਵਾਪਰੇ ਹੌਲਨਾਕ ਕਾਰੇ ਦੇ ਜ਼ਖਮ ਅਤੇ ਦਰਦ ਨੂੰ ਆਪਣੇ ਮਨ-ਮਸਤਕ ਵਿੱਚ ਸਾਂਭਕੇ ਰਖਿਆ ਹੋਇਆ ਹੈ। ਕੰਵਰਪਾਲ ਸਿੰਘ ਅਨੁਸਾਰ ਮਾਰਚ ਵਿੱਚ ਸ਼ਾਮਿਲ ਬਹੁਤਾਤ ਨੌਜਵਾਨਾਂ ਦੀ ਪੈਦਾਇਸ਼ 84੪ ਤੋਂ ਬਾਅਦ ਦੀ ਸੀ। ਉਨ੍ਹਾਂ ਕਿਹਾ ਮਾਰਚ ਦੌਰਾਨ ਨੌਜਵਾਨਾਂ ਵਲੋਂ ਅਜ਼ਾਦੀ ਦੇ ਹੱਕ ਵਿੱਚ ਲਾਏ ਗਏ ਨਾਅਰਿਆਂ ਤੋਂ ਸਾਫ ਦਿਖ ਰਿਹਾ ਸੀ ਕਿ ਉਹਨਾਂ ਅੰਦਰ ਕੌਮ ਦੀ ਆਜ਼ਾਦੀ ਦੀ ਤੜਪ ਪ੍ਰਬਲ ਹੈ।