ਲੁਧਿਆਣਾ 7 ਸਤੰਬਰ – ਗ੍ਰਹਿ ਵਿਗਿਆਨ ਕਾਲਜ, ਪੀਏਯੂ ਲੁਧਿਆਣਾ ਵਿੱਚ, ਕਾਲਜ ਦੇ ਡੀਨ ਦੀ ਸ੍ਰਪ੍ਰਸਤੀ ਹੇਠ ਸਵਛੱਤਾ ਕਲੱਬ ਬਣਾਇਆ ਗਿਆ। ਜਿਸ ਵਿੱਚ 40 ਤੋਂ ਵੱਧ ਵਿਦਿਆਰਥੀਆਂ ਨੇ ਆਪਣਾ ਨਾਂ ਦਰਜ਼ ਕਰਾਇਆ। ਕਾਲਜ ਦੀ ਸਜਾਵਟ ਤੇ ਸਵਛੱਤਾ ਕਮੇਟੀ ਅਤੇ ਐਨ ਐਸ ਐਸ ਇੰਚਾਰਜ ਇਸ ਕਲੱਬ ਦੁਆਰਾ ਕੀਤੇ ਜਾਣ ਵਾਲੇ ਕਾਰਜਾਂ ਦੀ ਨਿਗਰਾਨੀ ਕਰਨਗੇ। ਕਾਲਜ ਵਿਖੇ ਕਲੱਬ ਦੁਆਰਾ 1 ਤੋਂ 15 ਸਤੰਬਰ ਤੱਕ ਸਵੱਛਤਾ ਪੰਦਰਵਾੜਾ ਮਨਇਆ ਜਾ ਰਿਹਾ ਹੈ। ਇਸ ਦੌਰਾਨ ਲੇਖ ਰਚਨਾ, ਸਲੋਗਨ ਰਚਨਾ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ 5 ਸੰਤਬਰ ਨੂੰ ‘ਗਰੀਨ ਕਾਲਜ ਕੈਂਪਸ ਦਿਵਸ’ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਡਾ. ਦੂਬੇ, ਪ੍ਰੋਫੈਸਰ ਫਲੋਰੀਕਲਚਰ ਦੀ ਨਿਗਰਾਨੀ ਹੇਠ ਬੂਟੇ ਲਗਾਏ ਗਏ। ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਸ੍ਰੀਮਤੀ ਜਤਿੰਦਰ ਗੁਲਾਟੀ, ਡੀਨ, ਗ੍ਰਹਿ ਵਿਗਿਆਨ ਕਾਲਜ ਨੇ ਕੀਤੀ। ਉਹਨਾਂ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਹਨਾਂ ਬੂਟਿਆਂ ਦੀ ਨਿਰੰਤਰ ਸੇਵਾ ਸੰਭਾਲ ਬਾਰੇ ਤਾਕੀਦ ਕੀਤੀ। ਪੀਏਯੂ ਦੇ ਗ੍ਰਹਿ ਵਿਗਿਆਨ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ 1 ਸਤੰਬਰ ਤੋਂ 7 ਸਤੰਬਰ 2017 ਨੂੰ ਰਾਸ਼ਟਰੀ ਪੌਸ਼ਟਿਕਤਾ ਹਫ਼ਤਾ ਮਨਾਇਆ ਜਿਸ ਦਾ ਮਨੋਰਥ ਸੀ ਨਬਾਲਗਾਂ ਅਤੇ ਬੱਚਿਆਂ ਵਿੱਚ ਖਾਣ-ਪੀਣ ਦੀਆਂ ਆਦਰਸ਼ ਆਦਤਾਂ : ਬੱਚਿਆਂ ਲਈ ਸਿਹਤ ਸੁਧਾਰ । ਵਿਭਾਗ ਵੱਲੋਂ ਲੋਕਾਂ ਵਿੱਚ ਪੌਸ਼ਟਿਕਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਈ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ । ਇਸ ਦੇ ਅੰਤਰਗਤ ਨੇੜੇ ਦੇ ਸਕੂਲਾਂ ਜਿਵੇਂ ਕਿ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਪੀਏਯੂ, ਗੋਬਿੰਦ ਨਗਰ ਸਕੂਲ ਅਤੇ ਜੀ ਜੀ ਐਨ ਪਬਲਿਕ ਸਕੂਲ ਵਿੱਚ ਸਿਹਤ ਲਈ ਪੌਸ਼ਟਿਕਤਾ ਦੀ ਮਹੱਤਤਾ ਉਪਰ ਭਾਸ਼ਣ ਅਤੇ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ।ਗ੍ਰਹਿ ਵਿਗਿਆਨ ਕਾਲਜ ਵਿੱਚ ਖਾਸ ਵਿਸ਼ਿਆਂ ਉਪਰ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ । ਇਸ ਤੋਂ ਇਲਾਵਾ ‘ਨਬਾਲਗਾਂ ਅਤੇ ਛੋਟੇ ਬੱਚਿਆਂ ਲਈ ਪੌਸ਼ਟਿਕ ਆਹਾਰ ਤਿਆਰ ਕਰਨ’ ਬਾਰੇ ਅੰਤਰ ਕਾਲਜੀ ਪਕਵਾਨ ਮੁਕਾਬਲੇ ਵੀ ਆਯੋਜਿਤ ਕੀਤੇ ਗਏ, ਜਿਸ ਵਿੱਚ ਸਥਾਨਕ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੇ ਪੌਸ਼ਟਿਕ ਅਤੇ ਸੁਆਦਲੇ ਪਕਵਾਨਾਂ ਦੀ ਨੁਮਾਇਸ਼ ਵੀ ਲਗਾਈ ।ਇਸ ਪ੍ਰੋਗਰਾਮ ਦੇ ਸੰਚਾਲਕ ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਦੇਸ਼ ਵਿੱਚ ਹਰ ਸਾਲ 45 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ, ਜਿਸ ਨੂੰ ਕਿ ਰੋਕਿਆ ਜਾ ਸਕਦਾ ਹੈ । ਬੱਚੇ ਦੇ ਜੀਵਨ ਦੇ ਪਹਿਲੇ ਦੋ ਸਾਲ ਜਾਂ ਪਹਿਲੇ 1000 ਦਿਨ ਬੱਚੇ ਦੀ ਸਿਹਤ ਲਈ ਬਹੁਤ ਨਾਜ਼ੁਕ ਹੁੰਦੇ ਹਨ । ਇਸ ਸਮੇਂ ਵਿੱਚ ਨਬਾਲਗਾਂ ਅਤੇ ਬੱਚਿਆਂ ਦੀਆਂ ਆਦਰਸ਼ ਖਾਣ-ਪੀਣ ਦੀਆਂ ਆਦਤਾਂ ਬਹੁਤ ਪ੍ਰਭਾਵ ਪਾਉਂਦੀਆਂ ਹਨ । ਡਾ. ਜਤਿੰਦਰ ਗੁਲਾਟੀ, ਡੀਨ, ਗ੍ਰਹਿ ਵਿਗਿਆਨ ਕਾਲਜ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ । ਡਾ. ਗੁਲਾਟੀ ਨੇ ਵਿਭਾਗ ਵੱਲੋਂ ਲੋਕਾਂ ਦੇ ਪੌਸ਼ਟਿਕ ਹਾਲਤਾਂ ਦੇ ਸੁਧਾਰ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਵੀ ਕੀਤੀ ਤੇ ਕਿਹਾ ਕਿ ਇਹ ਦੇਸ਼ ਦੀ ਉਨਤੀ ਲਈ ਬਹੁਤ ਜ਼ਰੂਰੀ ਹੈ । ਉਨਾਂ ਨੇ ਕਿਹਾ ਕਿ ਅੱਜ ਦੀਆਂ ਪੀੜੀਆਂ ਤੇ ਆਉਣ ਵਾਲੀਆਂ ਪੀੜੀਆਂ ਦੀ ਚੰਗੀ ਸਿਹਤ ਅਤੇ ਵਿਕਾਸ ਲਈ ਪੌਸ਼ਟਿਕਤਾ ਬਹੁਤ ਜਰੂਰੀ ਹੈ ।
ਗ੍ਰਹਿ ਵਿਗਿਆਨ ਕਾਲਜ ਵਿਖੇ ਸਵੱਛਤਾ ਕਲੱਬ ਸਥਾਪਿਤ



