ਤਲਵੰਡੀ ਸਾਬੋ 1 ਨਵੰਬਰ (ਰਣਜੀਤ ਸਿੰਘ ਰਾਜੂ)-ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੀ ਇੱਕ ਮੀਟਿੰਗ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਦੀ ਸਰਪ੍ਰਸਤੀ ਵਿੱਚ ਇਤਿਹਾਸਿਕ ਗੁਰਦੁਆਰਾ ਸੀ੍ਰ ਜੰਡਾਲੀਸਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਕੋਟਸ਼ਮੀਰ ਵਿਖੇ ਹੋਈ, ਜਿਸ ਵਿੱਚ ਬਾਬਾ ਅਵਤਾਰ ਸਿੰਘ ਸਾਧਾਂਵਾਲੇ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਸਵਰਨ ਸਿੰਘ ਲੱਧੂਵਾਲ,ਬਾਬਾ ਜਸਵਿੰਦਰ ਸਿੰਘ ਤਿਉਣਾ,ਅਤੇ ਡਾ:ਗੁਰਮੀਤ ਸਿੰਘ ਖਾਲਸਾ ਬਰੀਵਾਲਾ ਸਮੇਤ ਸੈਂਕੜੇ ਮੈਂਬਰਾਂ ਨੇ ਭਾਗ ਲਿਆ।ਜਿਸ ਵਿੱਚ ਪੰਥਕ ਮੁੱਦਿਆਂ ਉੱਪਰ ਵਿਚਾਰ ਚਰਚਾ ਹੋਈ।

ਜਿਸ ਵਿੱਚ ਸੰਤ ਦਾਦੂਵਾਲ ਜੀ ਨੇ ਵਿਚਾਰ ਦਿੰਦਿਆਂ ਕਿਹਾ ਕਿ ਇਹ ਸਾਖੀ ਪ੍ਰਚੱਲਿਤ ਹੈ ਕਿ ਸਾਹਿਬ ਸ਼ੀ੍ਰ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕਿ ਸ਼ੀ੍ਰ ਅੰਮ੍ਰਿਤਸਰ ਪੁੱਜਣ ਤੇ ਸਿੱਖ ਸੰਗਤਾਂ ਵੱਲੋਂ ਭਾਰੀ ਦੀਪਮਾਲਾ ਕੀਤੀ ਗਈ ਅਤੇ ਖੁਸ਼ੀ ਵਿੱਚ ਆਤਿਸ਼ਬਾਜੀ ਚਲਾਈ ਗਈ ਜੋ ਕਿ ਇੱਕ ਪ੍ਰੰਪਰਾ ਬਣ ਗਈ ਅਤੇ ਆਏ ਸਾਲ ਦਿਵਾਲੀ ਵਾਲੇ ਦਿਨ ਇਹ ਪ੍ਰੰਪਰਾ ਸ਼ੀ੍ਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਨਿਭਾਈ ਜਾਂਦੀ ਹੈ।ਪਰ ਇਸ ਸਾਲ ਦਿਵਾਲੀ ਦਾ ਦਿਨ 3 ਨਵੰਬਰ ਨੂੰ ਆ ਰਿਹਾ ਹੈ ਜੋ ਕਿ 1984 ਦੇ ਸਿੱਖ ਕਤਲੇਆਮ ਨਾਲ ਸਬੰਧ ਰੱਖਦਾ ਹੈ।ਜਦੋਂ ਕਿ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਲੱਖਾਂ ਬੇਕਸੂਰ ਸਿੱਖਾਂ ਨੂੰ 1 ਤੋਂ 3 ਨਵੰਬਰ ਤੱਕ 72 ਘੰਟੇ ਦਿਨ ਰਾਤ ਸਰਕਾਰੀ ਤੌਰ ਤੇ ਕਤਲੇਆਮ ਕੀਤਾ ਗਿਆ ਜੋ ਕਿ ਸਿੱਖਾਂ ਦੀ ਨਸਲਕੁਸ਼ੀ ਦੀ ਸੋਚੀ ਸਮਝੀ ਸਾਜਿਸ਼ ਸੀ। ਜਦੋਂ ਕਿ ਦਿੱਲੀ ਵਿੱਚ ਪੁਲਿਸ ਫੋਰਸਾਂ , ਫੌਜ ਅਤੇ ਅਦਾਲਤਾਂ ਸਭ ਮੂਕ ਦਰਸ਼ਕ ਬਣ ਕਿ ਵੇਖਦੀਆਂ ਰਹੀਆਂ। ਸਿੱਖ ਵਿਰੋਧੀ ਸ਼ਰਾਰਤੀ ਫਿਰਕੇ ਦੇ ਲੋਕ ਸਿੱਖਾਂ ਦੇ ਘਰ ਸਾੜਦੇ ਰਹੇ, ਜਾਨੋਂ ਮਾਰਦੇ ਰਹੇ, ਅਤੇ ਧੀਆਂ ਭੈਣਾਂ ਦੀ ਸ਼ਰੇ ਬਜ਼ਾਰ ਇੱਜ਼ਤਾਂ ਨਾਲ ਖਿਲਵਾੜ ਕਰਦੇ ਰਹੇ ਪਰ ਉਹਨਾਂ ਨੂੰ ਕਿਸੇ ਨੇ ਨਹੀਂ ਰੋਕਿਆ ਅਤੇ ਹਾਕਮ ਲੋਕ ਖੁਦ ਤਬਾਹੀ ਦਾ ਸਮਾਨ ਮੁਹੱਈਆ ਕਰਵਾਉਂਦੇ ਰਹੇ।ਹਜ਼ਾਰਾਂ ਜਾਨਾਂ ਗਈਆਂ ਅਤੇ ਹਜ਼ਾਰਾਂ ਘਰ ਬਰਬਾਦ ਹੋਏ ।ਪਰ ਅੱਜ 29 ਸਾਲ ਬੀਤ ਜਾਣਦੇ ਬਾਅਦ ਵੀ ਦੋਸ਼ੀਆਂ ਨੂੰ ਕਿਸੇ ਕੋਰਟ ਨੇ ਸਜ਼ਾਵਾਂ ਨਹੀਂ ਦਿੱਤੀਆਂ ਸਗੋਂ ਕਤਲੇਆਮ ਦੇ ਇਨਾਮ ਵਜੋਂ ਉੱਚੇ ਅਹੁਦੇ ਦੇ ਕਿ ਨਿਵਾਜਿਆ ਗਿਆ। ਸੰਤ ਦਾਦੂਵਾਲ ਨੇ ਕਿਹਾ ਕਿ ਅੱਜ ਉਹਨਾਂ ਉਜੜੇ ਤੇ ਬਰਬਾਦ ਹੋਏ ਆਪਣੇ ਭਰਾਵਾਂ ਦੀ ਤਬਾਹੀ ਤੇ ਪੰਥ ਪਟਾਖੇ ਚਲਾਵੇ ਇਹ ਸੋਭਾ ਨਹੀਂ ਦਿੰਦਾ। ਮੀਰੀ ਪੀਰੀ ਦੇ ਮਾਲਕ ਸ਼ੀ੍ਰ ਗੁਰੁ ਹਰਗੋਬਿੰਦ ਸਾਹਿਬ ਜੀ ਵੀ ਸਿੱਖਾਂ ਦੀ ਆਪਣੇ ਭਰਾਵਾਂ ਦੇ ਦੁੱਖ ਵਿੱਚ ਸ਼ਾਮਿਲ ਹੋਣ ਕਰਕੇ ਖੁਸ਼ ਹੋਣਗੇ ਨਰਾਜ਼ ਨਹੀਂ।ਸੰਤ ਦਾਦੂਵਾਲ ਜੀ ਨੇ ਕਿਹਾ ਕਿ ਮੈਂ ਇਹ ਫੈਸਲਾ ਕੀਤਾ ਹੈ ਕਿ ਇਸ ਵਾਰ 3 ਨਵੰਬਰ ਨੂੰ ਸਿੱਖ ਨਸਲਕੁਸ਼ੀ ਵਾਲੇ ਦਿਨ ਸਾਡੇ ਪ੍ਰਬੰਧ ਹੇਠ ਚੱਲ ਰਹੇ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਪਟਾਖੇ ਨਹੀਂ ਚਲਾਏ ਜਾਣਗੇ।ਇਹ ਪੈਸੇ ਪਰਉਪਕਾਰ ਉੱਪਰ ਖਰਚ ਕੀਤੇ ਜਾਣਗੇ। ਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਆਪਣੀ ਕੌਮ ਦੀ ਨਸਲਕੁਸ਼ੀ ਵਾਲੇ ਦਿਨ ਅਸੀਂ ਪਟਾਖੇ ਚਲਾਉਣੇ ਹਨ। ਇਕੱਤਰ ਹੋਏ ਸਾਰੇ ਮੈਂਬਰਾਂ ਅਤੇ ਅਤੇ ਮਹਾਂਪੁਰਸ਼ਾਂ ਨੇ ਸੰਤ ਦਾਦੂਵਾਲ ਜੀ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਇਸ ਸਾਲ ਪਟਾਖੇ ਨਾ ਚਲਾਉਣ ਦਾ ਅਹਿਦ ਲਿਆ ਅਤੇ ਸਿੱਖ ਸੰਗਤਾਂ ਨੂੰ ਵਿਚਾਰ ਕਰਨ ਲਈ ਕਿਹਾ। ਇਸ ਸਮੇਂ ਬਾਪੂ ਪ੍ਰੀਤਮ ਸਿੰਘ, ਭਾਈ ਸੁਖਮੰਦਰ ਸਿੰਘ ਰਾਇਕੇ,ਮੱਖਣ ਸਿੰਘ ਮੱਲਵਾਲਾ,ਰਣਧੀਰ ਸਿੰਘ ਦਕੋਹਾ,ਸੁਖਪਾਲ ਸਿੰਘ ਜੀਵਨ ਸਿੰਘ ਵਾਲਾ , ਸੁਖਵਿੰਦਰ ਸਿੰਘ ਸਰਹੰਦ, ਜਗਵਿੰਦਰ ਸਿੰਘ ਜੰਡਾਂਵਾਲਾ, ਹਰਜਿੰਦਰ ਸਿੰਘ ਬਮਨਾੜਾ, ਸਾਬੀ ਸਿੰਘ ਫਗਵਾੜਾ, ਜੱਸੀ ਸਿੰਘ ਬਹਿਣੀਵਾਲ, ਬਲਵਿੰਦਰ ਸਿੰਘ ਮਾਸਟਰ ਜੀ ਵੀ ਮੁੱਖ ਤੌਰ ਤੇ ਹਾਜ਼ਰ ਸਨ।