ਫਰੀਦਕੋਟ, 4 ਸਤੰਬਰ (ਗੁਰਜੀਤ ਰੋਮਾਣਾ)- ਸ਼ਹਿਰ ਫਰੀਦਕੋਟ ‘ਚ ਜਿੰਨੀਆਂ ਵੀ ਗਊਸ਼ਾਲਾਵਾਂ ਅਤੇ ਡੇਅਰੀ ਫਾਰਮ ਹਨ ਦੇ ਪ੍ਰਬੰਧਕ, ਮਾਲਕ ਜਦੋ ਵੀ ਕਿਸੇ ਪਸ਼ੂ ਦੀ ਮੌਤ ਹੁੰਦੀ ਹੈ ਤਾਂ ਉਹ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਸੂਚਿਤ ਕਰਨ ਤਾਂ ਕਿ ਮਾਲਕ ਦੇ ਨਾਲ-ਨਾਲ ਵਿਭਾਗ ਵੀ ਇਸ ਦਾ ਮੁਕੰਮਲ ਰਿਕਾਰਡ ਰਖ ਸਕੇ। ਇਹ ਹਦਾਇਤ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਕੇਸ਼ਵ ਹਿੰਗੋਨੀਆ ਨੇ ਅਜ ਸਬੰਧਤ ਵਿਭਾਗ ਅਤੇ ਗਊਸ਼ਾਲਾ ਪ੍ਰਬੰਧਕਾਂ ਅਤੇ ਡੇਅਰੀ ਮਾਲਕਾਂ ਨਾਲ ਬੇਸਹਾਰਾ ਪਸ਼ੂਆਂ ਨੂੰ ਫੜਣ ਲਈ ਕੀਤੀ ਸੁਝਾਅ ਮੀਟਿੰਗ ਦੌਰਾਨ ਦਿਤੇ।ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੇਸ਼ਵ ਹਿੰਗੋਨੀਆ ਨੇ ਕਿਹਾ ਕਿ ਡੇਅਰੀ ਫਾਰਮ ਅਤੇ ਗਊਸ਼ਾਲਾ ਪ੍ਰਬੰਧਕ ਸਾਰੇ ਪਸ਼ੂਆਂ ਦੇ ਟੈਗ ਲਗਾਉਣ ਅਤੇ ਪਸ਼ੂਆਂ ਦਾ ਪੂਰਾ ਰਿਕਾਰਡ ਰਖਣ ਅਰਥਾਤ ਪਸ਼ੂ ਦੇ ਜਨਮ ਅਤੇ ਮੌਤ ਵੀ ਦਰਜ਼ ਹੋਵੇ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਬੰਧੀ ਛਾਪੇਮਾਰੀ ਵੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਸ਼ਹਿਰ ‘ਚ ਪਸ਼ੂ ਛਡੇਗਾ ਉਸ ਨੂੰ ਜੁਰਮਾਨੇ ਤੋਂ ਇਲਾਵਾ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਅਗਰ ਕਿਸੇ ਨੇ ਪਸ਼ੂ ( ਨੰਦੀ ) ਆਦਿ ਨੂੰ ਛਡਣਾ ਹੈ ਤਾਂ ਸਬੰਧਤ ਲਿਖਤੀ ਤੌਰ ਤੇ ਇਸ ਦੀ ਇਜ਼ਾਜਤ ਉਨ੍ਹਾਂ ਤੋਂ ਲਵੇਗਾ ਅਤੇ ਫੇਰ ਹੀ ਇਸ ਨੂੰ ਫਰੀਦਕੋਟ ਸਬ ਡਵੀਜਨ ਦੇ ਅਧੀਨ ਆਉਂਦੇ ਪਿੰਡ ਗੋਲੇਵਾਲਾ ਦੀ ਗਊਸ਼ਾਲਾ ‘ਚ ਭੇਜਿਆ ਜਾਵੇਗਾ।
ਸ੍ਰੀ ਹਿੰਗੋਨੀਆ ਨੇ ਕਿਹਾ ਕਿ ਸ਼ਹਿਰ ਨੂੰ ਜਲਦ ਹੀ ਬੇਸਹਾਰਾ ਪਸ਼ੂਆਂ ਨੂੰ ਫੜ੍ਹਣ ਲਈ ਜਲਦ ਹੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜਿਸ ਨਾਲ ਸ਼ਹਿਰ ਫਰੀਦਕੋਟ ਦੇ ਵਾਸੀਆਂ ਨੂੰ ਟਰੈਫਿਕ ‘ਚ ਆਉਂਦੀਆਂ ਦਿਕਤਾਂ ਅਤੇ ਹੋਰ ਸਮਸਿਆਵਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਦਸਿਆ ਕਿ ਇਸ ਨੂੰ ਪੜਾਅਵਾਰ ਮੁਕੰਮਲ ਕੀਤਾ ਜਾਵੇਗਾ ਜਿਸ ‘ਚ ਪਹਿਲਾਂ ਫਰੀਦਕੋਟ ਫਿਰ ਕੋਟਕਪੂਰਾ ਅਤੇ ਜੈਤੋ ਸ਼ਹਿਰ ਸ਼ਾਮਿਲ ਕੀਤੇ ਜਾਣਗੇ।ਉਨ੍ਹਾਂ ਦਸਿਆ ਕਿ ਪਿੰਡ ਗੋਲੇਵਾਲਾ ਵਿਚ ਬਣਾਈ ਗਈ ਗਊਸ਼ਾਲਾ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਗਊਆਂ ਦੀ ਸਾਂਭ-ਸੰਭਾਲ ਵਾਲੀ ਜਗ੍ਹਾਂ ਨੂੰ ਛਡ ਕੇ ਬਾਕੀ ਵਾਧੂ ਪਈ ਜਗ੍ਹਾਂ ‘ਤੇ ਹਰਾ-ਚਾਰਾ ਬੀਜਿਆ ਜਾਵੇ। ਉਨ੍ਹਾਂ ਕਿਹਾ ਕਿ ਗਊ ਮਾਤਾ ਦੀ ਸੇਵਾ ਇਕ ਉਤਮ ਸੇਵਾ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਵਿਸ਼ੇਸ਼ ਤੌਰ ‘ਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਇਹ ਇਕ ਸਾਂਝਾ ਉਪਰਾਲਾ ਹੈ, ਅਤੇ ਇਸ ਨੂੰ ਮੁਹਿੰਮ ਬਣਾ ਕੇ ਸਫ਼ਲ ਬਣਾਈਏ। ਉਨ੍ਹਾਂ ਕਿਹਾ ਕਿ ਗਊਸ਼ਾਲਾ ਲਈ ਵਧ ਤੋਂ ਵਧ ਤੂੜੀ ਅਤੇ ਹਰਾ-ਚਾਰਾ ਦਾਨ ਵਿਚ ਭੇਜਿਆ ਜਾਵੇ ਤਾਂ ਜੋ ਇਸ ਗਊਸ਼ਾਲਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ੍ਰੀ ਗੌਤਮ ਪ੍ਰਸ਼ਾਦ, ਪ੍ਰਧਾਨ ਗਊਸ਼ਾਲਾ ਪੰਚਵਟੀ ਸ੍ਰੀ ਲੇਖ ਰਾਜ, ਪ੍ਰਧਾਨ ਗਊਸ਼ਾਲਾ ਅਨੰਦੇਆਣਾ ਸ੍ਰੀ ਵਜੀਰ ਚੰਦ, ਪ੍ਰਬੰਧਕ ਗਊਸ਼ਾਲਾ ਅਨੰਦੇਆਣਾ ਸ੍ਰੀ ਨਵਦੀਪ ਗਰਗ, ਪ੍ਰਧਾਨ ਸਹਾਰਾ ਸੁਸਾਇਟੀ ਸ੍ਰੀ ਪਰਵੀਨ ਕਾਲਾ ਤੇ ਡੇਅਰੀ ਫਾਰਮ ਦੇ ਮਾਲਕ ਹਾਜ਼ਰ ਸਨ।
ਪਾਲਕ ਪਸ਼ੂ ਦੀ ਮੌਤ ਦੀ ਸੂਚਨਾਂ ਤੁਰੰਤ ਪਸ਼ੂ ਪਾਲਣ ਵਿਭਾਗ ਨੂੰ ਦੇਣ : ਕੇਸ਼ਵ ਹਿੰਗੋਨੀਆ



