ਚੰਡੀਗੜ੍ਹ, 2 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸੀਆਂ ਨੂੰ ਕੈਪਟਨ ਸਰਕਾਰ ਤੇ ਪਾਰਟੀ ਸੰਗਠਨ ’ਚ ਚੰਗੇ ਅਹੁਦੇ ਗੁਰਦਾਸਪੁਰ ‘ਚ ਹੋਣ ਵਾਲੀ ਲੋਕ ਸਭਾ ਦੀ ਉਪ ਚੋਣ ‘ਚ ਦਿਖਾਈ ਜਾਣ ਵਾਲੀ ਕਾਰਗੁਜ਼ਾਰੀ ਦੇ ਆਧਾਰ ‘ਤੇ ਹੀ ਮਿਲਣਗੇ। ਇਸੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਇਸ ਚੋਣ ਦੇ ਪੂਰੇ ਹੋਣ ਤਕ ਟਾਲਿਆ ਹੈ। 8 ਮੰਤਰੀਆਂ ਦੇ ਖਾਲੀ ਪਏ ਅਹੁਦਿਆਂ ਨੂੰ ਭਰਨ ਲਈ ਪੰਜਾਬ ਮੰਤਰੀ ਮੰਡਲ ਦਾ ਕੀਤਾ ਜਾਣ ਵਾਲਾ ਵਿਸਥਾਰ ਹੁਣ 2 ਮਹੀਨੇ ਬਾਅਦ ਹੀ ਹੋਵੇਗਾ। ਇਸ ਕਾਰਨ ਹੁਣ ਮੰਤਰੀ ਅਹੁਦਾ ਹਾਸਲ ਕਰਨ ਦੇ ਇਛੁੱਕ ਵਿਧਾਇਕਾਂ ਨੂੰ ਇੰਤਜ਼ਾਰ ਕਰਨਾ ਪਵੇਗਾ। ਇਸ ਤੋਂ ਪਹਿਲਾਂ ਵੀ ਮੰਤਰੀ ਮੰਡਲ ਦੇ ਵਿਸਥਾਰ ਦਾ ਪਿਛਲੇ ਸਮੇਂ ਵਿਚ ਵਿਧਾਨਸਭਾ ਸੈਸ਼ਨ ਤੋਂ ਪਹਿਲਾਂ ਮੁਖ ਮੰਤਰੀ ਵਲੋਂ ਐਲਾਨ ਕੀਤਾ ਗਿਆ ਸੀ ਪਰ ਦਾਅਵੇਦਾਰਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਨ ਮੰਤਰੀਆਂ ਦੇ ਨਾਂ‘ਤੇ ਸਹਿਮਤੀ ਨਾ ਬਣਨ ‘ਤੇ ਹਾਈਕਮਾਨ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਵਿਸਥਾਰ ਦੇ ਕੰਮ ਨੂੰ ਟਾਲ ਦਿਤਾ ਗਿਆ।