ਲਗਾਤਾਰ 9 ਘੰਟੇ ਪਏ ਮੀਂਹ ਨੇ ਵਾਹਣ ਨੱਕੋ ਨੱਕ ਭਰੇ-ਨਰਮੇ ਤੇ ਝੋਨੇ ਦਾ ਭਾਰੀ ਨੁਕਸਾਨ

ਸਰਦੂਲਗੜ੍ਹ, 1 ਸਤੰਬਰ (ਬਲਜੀਤਪਾਲ)- ਅੱਧੀ ਭਾਦੋਂ ਸਰਦੂਲਗੜ੍ਹ ਖੇਤਰ ’ਚ ਲਗਾਤਾਰ ਨੌਂ ਘੰਟੇ ਪਏ ਮੀਂਹ ਨੇ ਖੇਤਾਂ ਨੂੰ ਨੱਕੋ ਨੱਕ ਭਰ ਦਿੱਤਾ ਹੈ। ਖੇਤਾਂ ਵਿੱਚ ਖੜ੍ਹੇ ਪਾਣੀ ’ਚ ਨਾ ਕੋਈ ਵੱਟ ਦਿਸਦੀ ਹੈ ਨਾ ਕੋਈ ਖਾਲਾ । ਭਾਰੀ ਮੀਂਹ ਕਾਰਨ ਨਰਮੇ ਅਤੇ ਝੋਨੇ ਦੀ ਫਸਲ ਅੱਧ ਤੋਂ ਵੀ ਜਿਆਦਾ ਉਚਾਈ ਤੱਕ ਡੁੱਬ ਗਈ ਹੈ। ਭਾਖੜਾ ਨਹਿਰ ਦੇ ਨਾਲ ਵਲੱਗਦੇ ਖੇਤਾਂ ਵਿੱਚ ਹਾਲਤ ਹੋਰ ਵੀ ਮਾੜੀ ਹੈ। ਜਟਾਣਾ ਖੁਰਦ, ਕੋਟੜਾ, ਚੂਹੜੀਆ , ਕੁਸਲਾ, ਘੁੱਦੂਵਾਲਾ , ਫੱਤਾ ਮਾਲੋਕਾ , ਮਾਖੇਵਾਲਾ ਅਤੇ ਜਗਤਗੜ੍ਹ ਬਾਂਦਰਾਂ ਵਿੱਚ ਵੱਡੀ ਗਿਣਤੀ ਖੇਤਾਂ ਵਿੱਚ ਲੱਕ ਲੱਕ ਪਾਣੀ ਭਰ ਗਿਆ ਹੈ। ਹਰ ਪਾਸੇ ਪਾਣੀ ਹੀ ਪਾਣੀ ਹੋਣ ਕਰਕੇ ਨਰਮੇ ਅਤੇ ਝੋਨੇ ਦੇ ਖੇਤ ਖੇਤਾਂ ਨਾਲੋਂ ਦਰਿਆ ਵੱਧ ਲੱਗਦੇ ਹਨ । ਭਾਰੀ ਬਰਸਾਤ ਕਾਰਨ ਖੇਤਾਂ ਅਤੇ ਪਿੰਡਾਂ ਦੇ ਰਾਹ ਵੀ ਬੰਦ ਹੋ ਗਏ ਹਨ। ਜਟਾਣਾ ਖੁਰਦ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਅੱਜ ਸਵੇਰੇ ਚਾਰ ਵਜੇ ਤੋਂ ਲੈ ਕੇ ਦੁਪਹਿਰ ਇੱਕ ਵਜੇ ਤੱਕ ਮੂਹਲੇਧਾਰ ਬਰਸਾਤ ਹੋਈ ਹੈ। ਜਿੱਥੇ ਮੀਂਹ ਨੇ ਖੇਤਾਂ ਵਿੱਖ ਖਿੜਿਆ ਖੜ੍ਹਾ ਹਜ਼ਾਰਾਂ ਮਣ ਨਰਮਾ ਮਿੱਟੀ ਮਿਲਾ ਦਿੱਤਾ ਹੈ ਉ¤ਥੇ ਨਿਸਰੇ ਹੋਏ ਝੋਨੇ ਦੀਆਂ ਮੁੰਜਰਾਂ ਦਾ ਬੂਰ ਹੇਠਾਂ ਸੁੱਟ ਦਿੱਤਾ ਹੈ। ਕਿਸਾਨਾਂ ਕਿਹਾ ਕੁਦਰਤੀ ਕਰੋਪੀ ਨੇ ਸਾਡੀ ਸਾਉਣੀ ਫਸਲ ਸਾਡੇ ਹੱਥੋਂ ਖੋਹ ਲਈ ਹੈ।ਜੇਕਰ ਖੇਤਾਂ ਵਿੱਚ ਭਰੇ ਪਾਣੀ ਨੂੰ ਦੇਖੀਏ ਤਾਂ ਅਸਲੇ ਦਿਨਾਂ ਵਿੱਚ ਝੁਲਸ ਰੋਗ ਕਾਰਨ ਖੇਤਾਂ ਦੀ ਹਰਿਆਲੀ ਵੀ ਕਾਲੀ ਪੈ ਜਾਣੀ ਹੈ। ਕਿਸਾਨਾਂ ਭਰੇ ਮਨ ਨਾਲ ਦੱਸਿਆ ਨਰਮੇ ਦੀ ਫਸਲ ਤਾਂ ਤਬਾਹ ਹੀ ਹੋ ਗਈ ਹੈ। ਜਿਹੜਾ ਥੋੜਾ ਬਹੁਤਾ ਮੀਂਹ ਤੋਂ ਬਚੇਗਾ ਉਹ ਝੁਲਸ ਰੋਗ ਅਤੇ ਉ¤ਲੀ ਰੋਗ ਨੇ ਤਬਾਹ ਕਰ ਦੇਣਾ ਹੈ। ਕਿਸਾਨਾਂ ਦੱਸਿਆ ਪਿੱਛੋਂ ਜਿਹੇ ਆ ਕੇ ਵੇਖਣਯੋਗ ਹੋਈ ਨਰਮੇ ਦੀ ਫਸਲ ’ਤੇ ਆਸ ਕਰਕੇ ਅਸੀਂ ਨਰਮੇ ਦੀ ਚੁਗਾਈ ਲਈ ਮਜ਼ਦੂਰ ਵੀ ਪੱਕੇ ਕਰ ਲਏ ਸਨ ਪਰ ਹੁਣ ਅਸੀਂ ਕਿਸੇ ਪਾਸੇ ਦੇ ਨਹੀਂ ਰਹੇ। ਕਿਸਾਨਾਂ ਕਿਹਾ ਮੀਂਹ ਨੇ ਸਾਡੀਆਂ ਸਬਜ਼ੀਆਂ, ਹਰੇ ਚਾਰੇ ਅਤੇ ਹੋਰ ਫਸਲਾਂ ਵੀ ਤਬਾਹ ਕਰ ਦਿੱਤੀਆ ਹਨ। ਅਸੀਂ ਸਾਉਣੀ ਫਸਲਾਂ ’ਤੇ ਹੋਣ ਵਾਲੇ ਸਾਰੇ ਖਰਚੇ ਕਰ ਦਿੱਤੇ ਸਨ। ਨਰਮੇ ’ਤੇ ਪ੍ਰਤੀ ਏਕੜ ਵੀਹ ਹਜ਼ਾਰ ਤੋਂ ਵੀ ਜਿਆਦਾ ਲੱਗੇ ਹੌਹੇ ਹਨ। ਠੇਕੇ ’ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਕੋਲ ਦੀਵਾਲੀਏਪਣ ਤੋਂ ਬਿਨਾਂ ਕੋਈ ਵੀ ਰਸਤਾ ਨਹੀਂ ਬਚਿਆ ।ਕਿਸਾਨਾਂ ਮੰਗ ਕੀਤੀ ਕੁਦਰਤੀ ਕਰੋਪੀ ਕਾਰਨ ਸਾਡੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।

Send this to a friend