ਸਿਹਤ ਵਿਭਾਗ ਵੱਲੋਂ ਐਸ.ਡੀ. ਕਾਲਜ ’ਚ ਡੇਂਗੂ, ਮਲੇਰੀਆ ਤੇ ਸਵਾਈਨ ਫਲੂ ਸਬੰਧੀ ਜਾਗਰੂਕਤਾ ਸੈਮੀਨਾਰ
ਜਲੰਧਰ, 31 ਅਗਸਤ- ਡੇਂਗੂ ,ਮਲੇਰੀਆ ਅਤੇ ਸਵਾਈਨ ਫਲੂ ਪੂਰੇ ਵਿਸ਼ਵ ਲਈ ਇਕ ਵੱਡੀ ਚੁਣੌਤੀ ਹੈ ਅਤੇ ਬਹੁਤ ਸਾਰੀਆਂ ਮੌਤਾਂ ਦਾ ਕਾਰਨ ਇਹ ਬਿਮਾਰੀਆਂ ਹੀ ਬਣਦੀਆਂ ਹਨ। ਇਹ ਜਾਣਕਾਰੀ ਸਿਵਲ ਸਰਜਨ ਜਲੰਧਰ ਡਾ.ਰਘੁਬੀਰ ਸਿੰਘ ਰੰਧਾਵਾ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਪ੍ਰੇਮਚੰਦ ਮਾਰਕੰਡਾ ਐਸ.ਡੀ.ਕਾਲਜ ਜਲੰਧਰ ਦੇ ਸਹਿਯੋਗ ਨਾਲ ਡੇਂਗੂ,ਮਲੇਰੀਆ ਅਤੇ ਸਵਾਈਨ ਫਲੂ ਪ੍ਰਤੀ ਜਾਗਰੂਕਤਾ ਸਬੰਧੀ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਖੁਰਾਕ, ਆਪਣੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਮਲੇਰੀਆ ਦੀ ਬਿਮਾਰੀ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਸ ਤੋਂ ਬਚਾਅ ਲਈ ਜਰੂਰੀ ਹੈ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ,ਕੂਲਰਾਂ ਦੀ ਸਫ਼ਾਈ ਹਰ ਪੰਦਰਾਂ ਦਿਨ ਬਾਅਦ ਕੀਤੀ ਜਾਵੇ, ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀ ਅਤੇ ਕ੍ਰੀਮ ਦੀ ਵਰਤੋਂ ਕੀਤੀ ਜਾਵੇ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਾਏ ਜਾਣ, ਟੁੱਟੇ ਗਮਲਿਆਂ ਤੇ ਟਾਇਰਾਂ ਵਿੱਚ ਪਾਣੀ ਨਾ ਜਮ੍ਹਾਂ ਹੋਣ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮਲੇਰੀਆ ਰੋਗ ਦੇ ਲੱਛਣਾਂ ਵਾਲੇ ਵਿਅਕਤੀ ਨੂੰ ਆਪਣਾ ਇਲਾਜ ਨਜ਼ਦੀਕੀ ਸਿਹਤ ਸੰਸਥਾ ਤੋਂ ਤੁਰੰਤ ਕਰਵਾਉਣਾ ਚਾਹੀਦਾ ਹੈ। ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਇਹ ਜਰੂਰੀ ਨਹੀਂ ਹੈ ਕਿ ਹਰ ਬੁਖਾਰ ਡੇਂਗੂ ਹੀ ਹੋਵੇ,ਡੇਂਗੂ ਬੁਖਾਰ ਸਿਰਫ਼ ਡੇਂਗੂ ਮੱਛਰ ਦੇ ਕੱਟਣ ਨਾਲ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮੁੱਖ ਲੱਛਣ ਤੇਜ ਬੁਖਾਰ ਚੜ੍ਹਨਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਸਰੀਰਕ ਥਕਾਵਟ,ਸਿਰ ਦਰਦ ਹੋਣਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਰ ਤਰ੍ਹਾਂ ਦੇ ਬੁਖਾਰ ਵਿੱਚ ਪਲੇਟਲੈਟਸ ਘੱਟ ਹੁੰਦੇ ਹਨ ਇਸ ਲਈ ਪਲੇਟਲੈਟਸ ਘੱਟਣ ’ਤੇ ਬਹੁਤ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੁੰਦੀ । ਉਨ੍ਹਾਂ ਕਿਹਾ ਕਿ ਸਿਰਫ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਮਰੀਜ਼ ਨੂੰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੌਰਾਨ ਤੇਜ ਬੁਖਾਰ 101 ਤੋਂ ਉਪਰ, ਗਲੇ ਵਿੱਚ ਦਰਦ ,ਖਾਂਸੀ ਅਤੇ ਜ਼ੁਕਾਮ,ਛਿੱਕਾਂ ਆਉਣੀਆਂ ਜਾਂ ਨੱਕ ਵੱਗਣਾ ,ਸਰੀਰ ਟੁੱਟਦਾ ਮਹਿਸੂਸ ਹੋਣਾਂ, ਸਾਹ ਆਉਣ ਵਿੱਚ ਤਕਲੀਫ ਆਦਿ ਲੱਛਣ ਦਿੱਸਦੇ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਲਈ ਖੰਘਦੇ ਜਾਂ ਛਿੱਕਦੇ ਹੋਏ ਮੂੰਹ ਰੁਮਾਲ ਨਾਲ ਢੱਕ ਕੇ ਰੱਖਣਾ, ਆਪਣੇ ਨੱਕ,ਮੂੰਹ ਤੇ ਅੱਖਾਂ ਨੂੰ ਛੂਹਣ ਤੋਂ ਬਾਅਦ ਜਾਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣੇ ਚਾਹੀਦੇ ਹਨ ਅਤੇ ਭੀੜ ਵਾਲੀਆਂ ਥਾਵਾਂ ’ਤੇ ਨਹੀਂ ਜਾਣਾ ਚਾਹੀਦਾ ਤੇ ਪੀੜਤ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਦੇ ਟੈਸਟ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਹਨ। ਇਸ ਮੌਕੇ ਤੇ ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ, ਮੈਡਮ ਗੀਤਾ ਕੌਲ, ਮੈਡਮ ਸੁਮਨ ਸਿਰਪਾਲ, ਸ੍ਰੀਮਤੀ ਦਵਿੰਦਰ ਜੌਹਲ, ਸ੍ਰੀਮਤੀ ਸੁਰਿੰਦਰ ਨਰੂਲਾ, ਮੈਡਮ ਹਰਕੰਵਲ ਕੌਰ ਅਤੇ ਵਿਦਿਆਰਥਣਾਂ ਹਾਜ਼ਰ ਸਨ।