ਕਲਮੋਂ ਨੇ ਸੱਚ ਲਿਖਾ ਜੋ ਬਸਤੀ ਮੇਂ ਹੂਆ

ਘਰ ਜਲਾਨੇ ਕੀ ਸਾਜਿਸ਼,
ਹਵਾਉਂ ਕੀ ਥੀ।
ਔਰ ਅਖ਼ਬਾਰ ਮੇਂ,
ਛਪ ਗਯਾ ਹਾਦਿਸਾ।
ਸ਼ਾਇਰ ਮਹਤਾਬ ਪੈਕਰ ਆਜ਼ਮੀ ਨੇ ਉਕਤ ਸ਼ੇਅਰ ਵਿੱਚ ਮੀਡੀਆ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾਇਆ ਹੈ ਕਿ ਅੱਗ ਲਾਉਣ ਵਾਲੇ ਜਾਂ ਸਾਜਿਸ਼ਾਂ ਕਰਨ ਵਾਲੇ ਕੋਈ ਹੋਰ ਸਨ ਅਤੇ ਅਖ਼ਬਾਰਾਂ ਵਾਲਿਆਂ ਨੇ ਇਸ ਨੂੰ ਮਹਿਜ ਹਾਦਸਾ ਬਣਾਕੇ ਪੇਸ਼ ਕਰ ਦਿੱਤਾ। ਮੀਡੀਆ ’ਤੇ ਅਜਿਹੇ ਇਲਜਾਮ ਅਕਸਰ ਲਗਦੇ ਹਨ। ਕਾਰਨ ਸਪੱਸ਼ਟ ਹੈ ਕਿ ਮੀਡੀਆ ਦੀ ਵਿਸ਼ਵਾਸ ਯੋਗਤਾ ਪਿਛਲੇ ਕਾਫੀ ਸਮੇਂ ਤੋਂ ਸ਼ੱਕੀ ਹੋ ਗਈ ਹੈ। ਆਮ ਲੋਕ ਸਮਝਦੇ ਹਨ ਕਿ ਪੈਸੇ ਦੇ ਜ਼ੋਰ ’ਤੇ ਮੀਡੀਆ ਵਿੱਚ ਜੋ ਚਾਹੋ ਵਿਖਾ ਸਕਦੇ ਹੋ ਅਤੇ ਜੋ ਚਾਹੋ ਛਪਵਾ ਸਕਦੇ ਹੋ। ਲੋਕਤੰਤਰ ਦੇ ਤਿੰਨ ਸਤੰਭਾਂ ਵਿਧਾਨ ਪਾਲਿਕਾ, ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ ਵਾਂਗ ਚੌਥਾ ਸਤੰਭ ਵੀ ਘਟਦੀ ਵਿਸ਼ਵਾਸ ਯੋਗਤਾ ਕਾਰਨ ਲੋਕਾਂ ਦੀ ਕਚਹਿਰੀ ਵਿੱਚ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗਾ ਹੈ। ਕਲਮਾਂ ਵਿਕਣ ਲੱਗੀਆਂ ਹਨ, ਕਲਮਾਂ ਝੁੱਕਣ ਲੱਗੀਆਂ ਹਨ ਅਤੇ ਕਲਮਾਂ ਰੁਕਣ ਲੱਗੀਆਂ ਹਨ।
ਇਹ ਤਸੱਲੀ ਭਰੀ ਖੁਸ਼ੀ ਦੀ ਗੱਲ ਹੈ ਕਿ ਸੌਦਾ ਸਾਧ ਵੱਲੋਂ ਸਾਧਣੀਆਂ ਦੇ ਬਲਾਤਕਾਰ ਸਬੰਧੀ ਕੇਸ ਦੀ ਕਵਰੇਜ਼ ਕਰਦੇ ਸਮੇਂ ਪ੍ਰਿੰਟ ਅਤੇ ਬਿਜਲਈ ਮੀਡੀਆ ਨੇ ਆਪਣੀ ਵਿਸ਼ਵਾਸ ਯੋਗਤਾ ਵਿੱਚ ਢੇਰ ਵਾਧਾ ਕੀਤਾ ਹੈ। ਇਸ ਕੇਸ ਵਿੱਚ ਦੇਸ਼ ਦੇ ਲੋਕਤੰਤਰ ਦੇ ਦੋ ਸਤੰਭਾਂ ਨਿਆਂਪਾਲਿਕਾ ਅਤੇ ਮੀਡੀਆ ਨੇ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਆਪਣੇ ਲਈ ਨਾ ਸਿਰਫ ਸਤਿਕਾਰ ਵਧਾਇਆ ਬਲਕਿ ਲੋਕਾਂ ਦੇ ਮਨਾਂ ਵਿੱਚ ਆਸ ਦੀ ਕਿਰਨ ਵੀ ਜਗਾਈ ਹੈ ਕਿ ਅਜੇ ਵੀ ਕੈਮਰੇ ਦੀ ਅੱਖ ਸੱਚ ਨੂੰ ਵੇਖਣ ਵਿਖਾਉਣ ਦੀ ਜ਼ੁਰਅਤ ਕਰ ਸਕਦੀ ਹੈ ਅਤੇ ਪੱਤਰਕਾਰ ਦੀ ਕਲਮ ਵੀ ਸੱਚ ਲਿਖਣ ਦਾ ਹੌਂਸਲਾ ਰੱਖਦੀ ਹੈ। ਉਂਜ ਬਲਾਤਕਾਰ ਦੀ ਸ਼ਿਕਾਰ ਸਾਧਣੀ ਦੀ ਚਿੱਠੀ ਛਾਪਕੇ ਪੱਤਰਕਾਰ ਛੱਤਰਪਤੀ ਨੇ ਨਾ ਕੇਵਲ ਪੱਤਰਕਾਰੀ ਦਾ ਧਰਮ ਨਿਭਾਇਆ ਸੀ ਬਲਕਿ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਇਨਸਾਫ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਇਆ ਸੀ। 25 ਅਗਸਤ 2017 ਦੀ ਦੁਪਹਿਰ ਤੋਂ ਬਾਅਦ ਪੰਚਕੂਲਾ ਵਿੱਚ ਜੋ ਕਹਿਰ ਵਾਪਰਿਆ ਉਸ ਤੋਂ ਮੀਡੀਆ ਵੀ ਅਭਿੱਜ ਨਹੀਂ ਰਿਹਾ। ਦੁਨੀਆਂ ਨੇ ਵੇਖਿਆ ਕਿ ਸੌਦਾ ਸਾਧ ਦੇ ਕਰਿੰਦਿਆਂ ਨੇ ਸਭ ਤੋਂ ਪਹਿਲਾਂ ਹਮਲਾ ਮੀਡੀਆ ’ਤੇ ਹੀ ਕੀਤਾ। ਕਰੋੜਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਬੈਠਿਆਂ ਟੀਵੀ ਉ¤ਤੇ ਤਿੰਨ ਟੀਵੀ ਚੈਨਲਾਂ ਦੀਆਂ ਆਊਟਡੋਰ ਬਰਾਡਕਾਸਟਿੰਗ ਵੈਨਾਂ ਨੂੰ ਨਸ਼ਟ ਹੁੰਦੇ ਹੋਏ ਵੇਖਿਆ। ਇਹ ਸਭ ਕੁੱਝ ਹਰਿਆਣਾ ਦੀ ਪੁਲਿਸ ਫੋਰਸ ਦੇ ਸਾਹਮਣੇ ਹੋਇਆ। ਇਥੇ ਹੀ ਬਸ ਨਹੀਂ, ਫਿਰ ਤਾਂ ਜਿਥੇ ਵੀ ਮੌਕਾ ਮਿਲਿਆ ਗੁੰਡਾ ਅਨਸਰਾਂ ਨੇ ਰਿਪੋਰਟਰਾਂ ਅਤੇ ਕੈਮਰਾਮੈਨਾਂ ਨੂੰ ਬੁਰੀ ਤਰ੍ਹਾਂ ਕੁਟਿਆ ਅਤੇ ਜ਼ਖਮੀ ਕੀਤਾ। ਜ਼ਖਮੀਆਂ ਵਿੱਚ ਹਰਿਆਣਾ ਅਤੇ ਪੰਜਾਬ ਦੋਵਾਂ ਪ੍ਰਾਂਤਾਂ ਦੇ ਪੱਤਰਕਾਰ ਸ਼ਾਮਲ ਹਨ। ਗੁੰਡਾਗਰਦੀ ਦਾ ਇਹ ਤਾਂਡਵ ਨਾਚ ਸਿਰਫ ਪੰਚਕੂਲਾ ਵਿੱਚ ਹੀ ਨਹੀਂ ਸਗੋਂ ਸਰਸਾ ਵਿੱਚ ਵੀ ਵੇਖਣ ਨੂੰ ਮਿਲਿਆ ਜਿਥੇ ਇਕ ਟੀਵੀ ਚੈਨਲ ਦੇ ਕੈਮਰਾਮੈਨ ਦਾ ਕੈਮਰਾ ਵੀ ਖੋਹ ਲਿਆ ਗਿਆ ਅਤੇ ਕਾਰ ਵੀ ਭਜਾਕੇ ਲੈ ਗਏ।
ਤਸੱਲੀ ਇਸ ਗੱਲ ਦੀ ਵੀ ਹੈ ਕਿ ਮੀਡੀਆ ਕਰਮੀ ਕਿਸੇ ਵੀ ਕਦਮ ’ਤੇ ਥਿੜਕੇ ਨਹੀਂ, ਡਰੇ ਨਹੀਂ, ਆਪਣੇ ਡਿਊਟੀ ਤਨਦੇਹੀ ਨਾਲ ਕਰਦੇ ਰਹੇ। ਨਿਰਪੱਖ ਰਿਪੋਟਿੰਗ ਦੀ ਇਕ ਵੱਡੀ ਉਦਾਹਰਣ ਪੇਸ਼ ਕਰਨ ਵਿੱਚ ਕਾਮਯਾਬ ਹੋਏ। ਟੀਵੀ ਚੈਨਲਾਂ ਦੇ ਕਈ ਰਿਪੋਰਟਰ ਤਾਂ 24, 25 ਅਤੇ 26 ਅਗਸਤ ਰਿਪੋਰਟਿੰਗ ਵਿੱਚ ਲੱਗੇ ਰਹੇ। ਉਨ੍ਹਾਂ ਆਪਣੇ ਆਪ ਅਤੇ ਸਿਹਤ ਦੀ ਪ੍ਰਵਾਹ ਨਹੀਂ ਕੀਤੀ। ਇਹ ਦਿਨ ਮੇਰੇ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਵੀ ਕਈ ਕਿਸਮ ਦੇ ਸਬਕ ਸਿੱਖਣ ਦੇ ਦਿਨ ਸਨ। ਪੱਤਰਕਾਰਾਂ ਨੂੰ ਹਰ ਕਿਸਮ ਦੇ ਖਤਰਿਆਂ ਦਾ ਮੁਕਾਬਲਾ ਕਿਵੇਂ ਕਰਨਾ ਹੈ, ਇਹ ਵੀ ਵੇਖਣ ਅਤੇ ਸਿੱਖਣ ਨੂੰ ਮਿਲਿਆ। ਇਨ੍ਹਾਂ ਦਿਨਾਂ ਵਿੱਚ ਮੀਡੀਆ ਨੇ ਆਪਣੀ ਭੂਮਿਕਾ ਨੂੰ ਬਹੁਤ ਚੰਗੇ ਢੰਗ ਨਾਲ ਨਿਭਾਇਆ। ਸੋ, ਮੀਡੀਆ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨੀਂ ਘੱਟ ਹੈ। ਮੈਂ ਕਹਿ ਸਕਦਾ ਹਾਂ:
ਸਾਰੇ ਕੇ ਸਾਰੇ,
ਆਜ ਤੋਂ ਅਖ਼ਬਾਰ ਬਿਕ ਗਏ।
ਕਲਮੋਂ ਨੇ ਸੱਚ ਲਿਖਾ,
ਜੋ ਬਸਤੀ ਮੇਂ ਹੂਆ।

Send this to a friend