ਨਵੀਂ ਦਿੱਲੀ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ
ਨਵੀਂ ਦਿੱਲੀ, 30 ਅਗਸਤ- ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਹਰਿਆਣਾ ’ਚ ਭੜਕੀ ਹਿੰਸਾ ਨੂੰ ਲੈ ਕੇ ਬੁੱਧਵਾਰ ਨੂੰ ਹਰਿਆਣਾ ਦੇ ਮੁਖ ਮੰਤਰੀ ਸ੍ਰੀ ਮਨੋਹਰ ਲਾਲ ਖਟਰ ਨੇ ਨਵੀਂ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸ੍ਰੀ ਖਟਰ ਨੇ ਕਿਹਾ ਕਿ ਪੂਰੇ ਹਰਿਆਣਾ ’ਚ ਇਸ ਵਕਤ ਅਮਨ ਸ਼ਾਂਤੀ ਹੈ, ਪੂਰੇ ਮਾਮਲੇ ਦੀ ਰਿਪੋਰਟ ਸ੍ਰੀ ਸ਼ਾਹ ਨੂੰ ਸੌਂਪ ਦਿਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਕੋਈ ਅਸਤੀਫ਼ਾ ਮੰਗਦਾ ਹੈ ਤਾਂ ਮੰਗਦਾ ਰਹੇ ਪਰ ਉਨ੍ਹਾਂ ਨੇ ਪੂਰੇ ਸਬਰ ਤੇ ਦ੍ਰਿੜਤਾ ਨਾਲ ਹਾਲਾਤਾਂ ’ਤੇ ਕਾਬੂ ਪਾਇਆ। ਉਹ ਆਪਣੇ ਕੰਮ ਤੋਂ ਸੰਤੁਸ਼ਟ ਹਨ। ਡੇਰਾ ਮੁਖੀ ਦੀ ਸਜ਼ਾ ਦੇ ਬਾਅਦ ਹੋਈ ਹਿੰਸਾ ਨੂੰ ਰੋਕਣ ’ਚ ਅਸਫਲ ਰਹਿਣ ਦੇ ਕਾਰਨ ਆਲੋਚਨਾਵਾਂ ਦੇ ਸ਼ਿਕਾਰ ਮੁਖ ਮੰਤਰੀ ਸ੍ਰੀ ਖੱਟਰ ਨੇ ਮੁਲਾਕਾਤ ਦੇ ਬਾਅਦ ਕਿਹਾ ਕਿ ਉਨ੍ਹਾਂ ਨੇ ਪਾਰਟੀ ਚੀਫ ਨੂੰ ਤਾਜ਼ਾ ਹਾਲਾਤ ਦੀ ਜਾਣਕਾਰੀ ਦਿਤੀ ਹੈ।ਨਾਲ ਹੀ ਇਹ ਵੀ ਕਿਹਾ ਕਿ ਕੋਰਟ ਦੇ ਆਦੇਸ਼ ਦੇ ਮੁਤਾਬਕ ਕਦਮ ਚੁਕੇ ਹਏ ਹਨ।ਸ੍ਰੀ ਖੱਟਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਹਾਲਾਤ ਦੇ ਹਿਸਾਬ ਨਾਲ ਕਦਮ ਚੁਕਿਆ, ਜਿਸ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ। ਵਿਰੋਧੀ ਧਿਰ ਦੇ ਅਸਤੀਫੇ ਦੀ ਮੰਗ ਨਾਲ ਜੁੜੇ ਸਵਾਲਾਂ ਨੂੰ ਖਟੜ ਨੇ ਅਣਸੁਣਿਆ ਕਰ ਦਿਤਾ। ਅਸਤੀਫੇ ‘ਤੇ ਮੁਖ ਮੰਤਰੀ ਨੇ ਬਸ ਇੰਨਾ ਕਿਹਾ ਕਿ, ਜੋ ਮੰਗਦਾ ਹੈ, ਉਹ ਮੰਗਦਾ ਰਹੇ। ਅਸੀਂ ਆਪਣਾ ਕੰਮ ਵਧੀਆ ਤਰ੍ਹਾਂ ਨਾਲ ਕੀਤਾ ਹੈ।