May 26, 2026 8:40 am

ਬਠਿੰਡਾ ਜ਼ਿਲ੍ਹੇ ਵਿਚ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਣ ਤੇ ਡੀ.ਸੀ. ਅਤੇ ਐਸ.ਐਸ.ਪੀ. ਵੱਲੋਂ ਲੋਕਾਂ ਦਾ ਧੰਨਵਾਦ

ਬਠਿੰਡਾ, 29 ਅਗਸਤ (ਇੰਦਰਜੀਤ ਨਥਾਣਾ)- ਜ਼ਿਲ੍ਹਾ ਬਠਿੰਡਾ ਵਿਚ ਅੱਜ ਵੀ ਪੂਰੀ ਤਰਾਂ ਸਾਂਤੀ ਰਹੀ ਅਤੇ ਕਿਤੇ ਵੀ ਕੋਈ ਮਾੜੀ ਘਟਨਾ ਨਹੀਂ ਵਾਪਰੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਦੀਪਰਵਾ ਲਾਕਰਾ ਨੇ ਅਮਨ ਸਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਅੱਜ ਸਵੇਰੇ ਜ਼ਿਲ੍ਹੇ ਵਿਚੋਂ ਕਰਫਿਊ ਪੁਰੀ ਤਰ੍ਹਾਂ ਨਾਲ ਸਮਾਪਤ ਕਰ ਦਿੱਤਾ ਗਿਆ। ਜ਼ਿਲ੍ਹੇ ਵਿਚ ਅੱਜ ਜਨ ਜੀਵਨ ਪੂਰੀ ਤਰਾਂ ਨਾਲ ਆਮ ਵਾਂਗ ਹੋ ਗਿਆ ਹੈ ਅਤੇ ਸੜਕੀ ਆਵਾਜਾਈ ਬਹਾਲ ਹੋ ਗਈ ਹੈ। ਬਾਜ਼ਾਰ ਖੁੱਲ ਗਏ ਹਨ ਅਤੇ ਲੋਕਾਂ ਨੇ ਆਪਣੇ ਕਾਰ ਵਿਹਾਰ ਆਮ ਵਾਂਗ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਸਰਕਾਰੀ ਦਫ਼ਤਰ ਆਦਿ ਵੀ ਅੱਜ ਖੁੱਲੇ ਰਹੇ। ਪਰ ਫਿਰ ਵੀ ਜ਼ਿਲ੍ਹੇ ਭਰ ਵਿਚ ਸੁਰੱਖਿਆ ਬਲਾਂ ਨੇ ਜ਼ਿਲ੍ਹਾ ਪੁਲਿਸ ਮੁੱਖੀ ਬਠਿੰਡਾ ਸ੍ਰੀ ਨਵੀਨ ਸਿੰਗਲਾ ਦੀ ਅਗਵਾਈ ਵਿਚ ਅੱਜ ਵੀ ਪੂਰੀ ਤਰਾਂ ਨਾਲ ਚੌਕਸੀ ਰੱਖੀ। ਡਿਪਟੀ ਕਮਿਸ਼ਨਰ ਸ਼੍ਰੀ ਦੀਪਰਵਾ ਲਾਕਰਾ ਨੇ ਕਿਹਾ ਕਿ ਅਜਿਹੇ ਨਾਜੂਕ ਮੌਕਿਆਂ ਤੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਜ਼ਿਲ੍ਹਾ ਬਠਿੰਡਾ ਦੇ ਨਾਗਰਿਕਾਂ ਨੇ ਜਿੰਮੇਵਾਰੀ ਦਾ ਸਬੂਤ ਦਿੰਦਿਆਂ ਪ੍ਰਸਾਸ਼ਨ ਨਾਲ ਪੂਰਾ ਸਹਿਯੋਗ ਕੀਤਾ ਅਤੇ ਜ਼ਿਲ੍ਹੇ ਵਿਚ ਭਾਈਚਾਰਾ ਬਣਿਆ ਰਿਹਾ ਹੈ। ਉਨ੍ਹਾਂ ਨੇ ਪੁਲਿਸ, ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਦਿਨ ਰਾਤ ਸਾਂਤੀ ਕਾਇਮ ਰੱਖਣ ਲਈ ਕੀਤੀ ਡਿਉਟੀ ਲਈ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਨੇ ਇਸ ਸੰਵੇਦਨਸ਼ੀਲ ਮੌਕੇ ਤੇ ਮੀਡੀਆ ਵੱਲੋਂ ਨਿਭਾਈ ਹਾਂ ਪੱਖੀ ਭੁਮਿਕਾ ਦੀ ਸ਼ਲਾਘਾ ਕਰਦਿਆਂ ਜ਼ਿਲ੍ਹੇ ਦੇ ਸਮੂਹ ਮੀਡੀਆ ਕਰਮੀਆਂ ਦਾ ਵੀ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅੱਗੇ ਤੋਂ ਵੀ ਇਸੇ ਤਰਾਂ ਅਮਨ ਸਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

Send this to a friend