ਫਿਰੋਜ਼ਪੁਰ, 28 ਅਗਸਤ (ਕਪੂਰ)- ਡੇਰਾ ਸਿਰਸਾ ਦੇ ਮੁੱਖੀ ਸੌਦਾ ਸਾਧ ਨੂੰ ਅੱਜ ਸੀ.ਬੀ.ਆਈ ਅਦਾਲਤ ਵੱਲੋਂ ਸਜਾ ਸੁਣਾਏ ਜਾਣ ਤੋਂ ਬਾਅਦ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰਣ ਦੇ ਇਤਹਾਤ ਵੱਜੋਂ ਅਤੇ ਜ਼ਿਲ੍ਹੇ ਵਿਚ ਅਮਨ ਸ਼ਾਂਤੀ ਬਣਾਏ ਰਖਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਅੱਜ ਦੁਪਹਿਰ 1 ਵਜੇ ਤੋ 29 ਅਗਸਤ ਸਵੇਰੇ 6 ਵਜੇਂ ਤੱਕ ਕਰਫ਼ਿਊ ਲਗਾਉਣ ਦੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਫਿਰੋਜ਼ਪੁਰ ਵੱਲੋ ਆਦੇਸ਼ ਦਿੱਤੇ ਗਏ ਹਨ। ਅਜਿਹਾ ਜ਼ਿਲ੍ਹਾ ਵਾਸੀਆਂ ਦੇ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਣ ਲਈ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਤੇ ਕਰਫਿਊ ਦੌਰਾਨ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ । ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਸਰਕਾਰ ਦਾ ਸਾਥ ਦੇਣ ਦੇ ਨਾਲ-ਨਾਲ ਸੰਜਮ ਬਣਾਏ ਰੱਖਣ ਦੀ ਲੋੜ ਹੈ ਅਤੇ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ ਤਾਂ ਜੋ ਕੋਈ ਸ਼ਰਾਰਤੀ ਵਿਅਕਤੀ ਭਾਈਚਾਰਕ ਸਾਂਝ ਵਿੱਚ ਰੋੜਾ ਨਾ ਬਣੇ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਨ ਦੇ ਨਾਲ-ਨਾਲ ਕੋਈ ਵੀ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ ਜੋ ਕਿ ਕਿਸੇ ਫ਼ਿਰਕੇ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ। ਜਿਸ ਵਿੱਚ ਪੁਲਿਸ, ਬੀ.ਐਸ.ਐਫ. ਅਤੇ ਆਰਮਡ ਫੋਰਸਾਂ ਦੇ ਜਵਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਥਾਂ-ਥਾਂ ਨਾਕਾਬੰਦੀ ਕੀਤੀ ਹੋਈ ਹੈ, ਤੇ ਫੌਜ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਜੇਕਰ ਕੋਈ ਫ਼ਿਰਕੂ ਕਾਰਵਾਈ ਜਾਂ ਵਿਵਾਦ ਦੀ ਖ਼ਬਰ ਮਿਲਦੀ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਜ਼ਿਲ੍ਹਾ ਪੁਲਿਸ ਕੰਟਰੋਲ ਰੂਮ ਦੇ ਟੈਲੀਫੋਨ ਨੰ: 01632-244100 ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਟਰੋਲ ਰੂਮ ਦੇ ਨੰ:01632-244024 ’ਤੇ ਦੇਣ ਤਾਂ ਜੋ ਇਸ ਨੂੰ ਮੌਕੇ ਸਿਰ ਰੋਕਿਆ ਜਾ ਸਕੇ। ਇਸ ਮੌਕੇ ਜਿਲ੍ਹਾ ਪੁਲੀਸ ਮੁੱਖੀ ਸ੍ਰੀ ਗੌਰਵ ਗਰਗ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ, ਸ.ਹਰਜੀਤ ਸਿੰਘ ਐਸੀ.ਡੀ.ਐਮ.ਫਿਰੋਜ਼ਪੁਰ, ਸ. ਹਰਦੀਪ ਸਿੰਘ ਐਸੀ.ਡੀ.ਐਮ. ਗੁਰੂਹਰਸਹਾਏ ਸਮੇਤ ਵੱਖ ਵੱਖ ਵਿਭਾਗ ਦੇ ਅਧਿਕਾਰੀ ਹਾਜਰ ਸਨ।