ਸਮਰਾਲਾ, 25 ਅਗਸਤ (ਕਮਲਜੀਤ)-ਅਗਸਤ ਮਿੰਨੀ ਪ੍ਰਾਇਮਰੀ ਹੈਲਥ ਡਿਸਪੈਂਸਰੀ ਉਟਾਲਾਂ ਵਿਖੇ ਇਕ ਫਾਰਮਾਸ਼ਿਸਟ ਹਰਦੀਪ ਸਿੰਘ ਵੱਲੋਂ ਡਿਊਟੀ ਦੌਰਾਨ ਆਪਣੇ ਲਾਇਸੰਸੀ ਰਿਵਾਲਵਰ ਨਾਲ ਆਪਣੀ ਪੁੜਪੁੜੀ ਵਿੱਚ ਗੋਲੀ ਮਾਰ ਲਈ, ਜਿਸਨੂੰ ਸਟਾਫ ਅਤੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਡਿਸਪੈਂਸਰੀ ਦੇ ਸਟਾਫ਼ ਨੇ ਦਸਿਆ ਕਿ ਹਰਦੀਪ ਸਿੰਘ ਕੁਝ ਦਿਨਾਂ ਤੋਂ ਚੁੱਪ ਚੁੱਪ ਰਹਿੰਦਾ ਸੀ। ਅੱਜ ਰੁਟੀਨ ਦੀ ਤਰ੍ਹਾਂ ਉਹ ਡਿਊਟੀ ਤੇ ਆਇਆ ਅਤੇ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਡਿਊਟੀ ਦੌਰਾਨ ਅਚਾਨਕ ਉਸ ਵੱਲੋਂ ਆਪਣੇ ਡੱਬ ਵਿੱਚ ਪਾਈ ਰਿਵਾਲਵਰ ਕੱਢ ਕੇ ਆਪਣੀ ਪੁੜਪੁੜੀ ਵਿੱਚ ਮਾਰ ਲਈ। ਘਟਨਾ ਦਾ ਪਤਾ ਲੱਗਣ ਤੇ ਸਟਾਫ਼ ਉਸਦੇ ਕਮਰੇ ਵਿੱਚ ਗਿਆ, ਜਿਥੇ ਉਹ ਡਿੱਗਿਆ ਪਿਆ ਸੀ ਅਤੇ ਦੂਜੀ ਸਾਈਡ ਤੇ ਉਸਦਾ ਰਿਵਾਲਵਰ ਡਿੱਗਿਆ ਪਿਆ ਸੀ। ਡਿਸਪੈਂਸਰੀ ਦੇ ਸਟਾਫ਼ ਵੱਲੋਂ ਇਸ ਘਟਨਾ ਦੀ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਨੂੰ ਦਿੱਤੀ, ਜਿਨ੍ਹਾਂ ਵੱਲੋਂ ਉਸਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਮਾਮਲੇ ਦੀ ਪੜ੍ਹਤਾਲ ਕਰ ਰਹੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਰਿਵਾਰਕਾਂ ਮੈਂਬਰਾਂ ਅਤੇ ਡਿਸਪੈਂਸਰੀ ਦੇ ਸਟਾਫ਼ ਦੇ ਬਿਆਨ ਲਏ ਜਾ ਰਹੇ ਹਨ, ਜਿਸਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।