ਰਾਮਪੁਰਾ ਫੂਲ, 23 ਅਗਸਤ (ਕੁਲਜੀਤ ਸਿੰਘ ਢੀਗਰਾ)- ਡੇਰਾ ਸੋਦਾ ਸਾਧ ਦੇ ਮਾਮਲੇ ਵਿਚ ਸੀ.ਬੀ.ਆਈ. ਵੱਲੋਂ ਪੰਚਕੂਲਾ ਅਦਾਲਤ ਵਿਚ 25 ਅਗਸਤ ਨੂੰ ਹੋਣ ਵਾਲੇ ਫੈਸਲੇ ਨੂੰ ਮੱਦੇਨਜ਼ਰ ਰੱਖਦਿਆਂ ਮਾਹੋਲ ਨੂੰ ਸ਼ਾਂਤਮਈ ਰੱਖਣ ਲਈ ਕਮਾਡੈਟ ਦੇ ਮੁਖੀ ਆਈ.ਪੀ.ਐਸ. ਜੇ.ਪੀ.ਐਸ.ਸਿੱਧੂ ਦੀ ਅਗਵਾਈ ਵਿਚ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾ ਵਿਚ ਫਲੈਗ ਮਾਰਚ ਕੱਢਿਆ ਗਿਆ । ਇਹ ਮਾਰਚ ਟੀ.ਪੀ.ਡੀ.ਮਾਲਵਾ ਕਾਲਜ ਤੋਂ ਸ਼ੁਰੂ ਕੀਤਾ ਗਿਆ ਜੋ ਕਿ ਸ਼ਹਿਰ ਰਾਮਪੁਰਾ , ਮਹਿਰਾਜ, ਭਾਈਰੂਪਾ, ਭਗਤਾ ਭਾਈ ਕਾ ਤੋਂ ਹੁੰਦਾ ਹੋਇਆ ਸਲਾਬਤਪੁਰਾ ਵਿਖੇ ਸਮਾਪਤ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਕਰ ਰਹੇ ਸ.ਸਿੱਧੂ ਨੇ ਦੱਸਿਆ ਕਿ ਇਲਾਕੇ ਵਿਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾ ਦੱਸਿਆ ਕਿ ਸਬ ਡਵੀਜਨ ਵਿਚ ਪੰਜਾਬ ਪੁਲਿਸ ਅਤੇ ਸੀ.ਆਰ.ਪੀ.ਐਫ. ਦੇ ਲਗਭਗ 600 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਅੱਜ ਦੇ ਫਲੈਗ ਮਾਰਚ ਵਿਚ 300 ਦੇ ਲਗਭਗ ਮੁਲਾਜਮਾ ਨੇ ਭਾਗ ਲਿਆ। ਇਨ੍ਹਾ ਮੁਲਾਜ਼ਮਾ ਨੂੰ ਕਿਹਾ ਕਿ ਉਹ ਨਿਰਪੱਖ ਹੋਕੇ ਤਨਦੇਹੀ ਨਾਲ ਡਿਉਟੀ ਨਿਭਾਉਣ ਤਾਂ ਜੋ ਇਲਾਕੇ ਦਾ ਅਮਨ ਚੈਨ ਕਿਸੇ ਵੀ ਤਰਾਂ ਭੰਗ ਨਾ ਹੋ ਸਕੇ। ਉਨ੍ਹਾ ਕਿਹਾ ਕਿ ਕਿਸੇ ਵੀ ਸਰਕਾਰੀ ਇਮਾਰਤ, ਪ੍ਰਾਈਵੇਟ ਇਮਾਰਤ ਜਾਂ ਕਿਸੇ ਵੀ ਰਸਤੇ ਤੇ ਜਾਮ ਜਾਂ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਹ ਤੁਰੰਤ ਉਚ ਅਧਿਕਾਰੀਆਂ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਡਿਊਟੀ ਮਜਿਸਟਰੇਟ ਵੀ ਤਾਇਨਾਤ ਕੀਤੇ ਗਏ ਹਨ। ਇਸ ਮੌਕੇ ਐਬੂਲੈਂਸ, ਫਾਇਰ ਬ੍ਰਿਗੇਡ, ਪਾਣੀ ਦੀਆਂ ਬੁਛਾੜਾਂ ਵਾਲੀਆ ਗੱਡੀਆਂ ਦੇ ਵੀ ਪੁਖਤਾ ਇੰਤਜਾਮ ਕੀਤੇ ਗਏ ਹਨ। ਇਸ ਮੌਕੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਾਨੂੰਨ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਸਗੋ ਉਸ ਨਾਲ ਸ਼ਖਤੀ ਨਾਲ ਨਜੀਠਿਆ ਜਾਵੇਗਾ। ਇਸ ਮੋਕੇ ਹੋਰਨਾ ਤੋਂ ਇਲਾਵਾ ਐਸ.ਪੀ.ਹਰਪਾਲ ਸਿੰਘ, ਡੀ.ਐਸ.ਪੀ.ਫੂਲ ਜਸਵਿੰਦਰ ਸਿੰਘ ਚਹਿਲ, ਸੀ.ਆਰ.ਪੀ.ਐਫ. ਦੇ ਮੁਖੀ ਰਵੀ ਸ਼ਰਮਾਂ, ਥਾਣਾ ਸਿਟੀ ਦੇ ਮੁਖੀ ਦਲਜੀਤ ਸਿੰਘ, ਥਾਣਾ ਫੂਲ ਦੇ ਭੁਪਿੰਦਰ ਸਿੰਘ, ਥਾਣਾ ਭਗਤਾ ਦੇ ਮੁਖੀ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।