ਰੂਪਨਗਰ, 23 ਅਗਸਤ (ਗੁਰਸ਼ਰਨ ਸਿੰਘ ਗੁਲਸ਼ਨ)- ਕੇਂਦਰ ਸਰਕਾਰ ਵੱਲੋਂ ਪਹਾੜੀ ਰਾਜਾਂ ਨੂੰ ਉਦਯੋਗਿਕ ਟੈਕਸ ਵਿੱਚ ਰਿਆਇਤਾਂ ਦੇਣ ਦੇ ਪੱਖਪਾਤੀ ਫੈਸਲੇ ਦੇ ਵਿਰੋਧ ਵਿੱਚ ਅਕਾਲੀ ਦਲ ਦੀ ਐਨ.ਡੀ.ਏ. ਸਰਕਾਰ ਵਿੱਚ ਨੁਮਾਇੰਦਗੀ ਕਰ ਰਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫ਼ਾ ਦੇ ਕੇ ਪੰਜਾਬ ਦੇ ਹਿੱਤਾਂ ’ਤੇ ਪਹਿਰਾ ਦੇਣ ਦਾ ਪ੍ਰਮਾਣ ਦੇਵੇ ਅਤੇ ਅਕਾਲੀ ਦਲ ਕੇਂਦਰ ਸਰਕਾਰ ’ਤੇ ਪੰਜਾਬ ਨੂੰ ਵੀ ਇਸੇ ਤਰਜ਼ ’ਤੇ ਸਨਅਤੀ ਰਿਆਇਤਾਂ ਦੇਣ ਲਈ ਦਬਾਅ ਪਾਵੇ। ਇਹ ਪ੍ਰਗਟਾਵਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਨੇ ਰਾਇਤ-ਬਾਹੜਾ ਕੈਂਪਸ ਰੈਲ ਮਾਜਰਾ ਵਿਖੇ ਲਾਏ ਗਏ ਮੈਗਾ ਰੋਜ਼ਗਾਰ ਮੇਲੇ ਦਾ ਜ਼ਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਆਯੋਜਿਤ ਕੀਤੇ ਜਾ ਰਹੇ ਮੈਗਾ ਰੋਜ਼ਗਾਰ ਮੇਲੇ ਵਾਸਤੇ 4 ਲੱਖ ਨੌਜਵਾਨਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਅੱਗੇ ਦੱਸਿਆ ਕਿ 21 ਤੋਂ 31 ਅਗਸਤ ਤੱਕ ਰਾਜ ਵਿੱਚ ਨਿੱਜੀ ਅਤੇ ਸਰਕਾਰੀ ਸੰਸਥਾਂਵਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਰੋਜ਼ਗਾਰ ਮੇਲਿਆਂ ਵਿੱਚ ਦੇਸ਼ ਦੀਆਂ 900 ਦੇ ਕਰੀਬ ਨਾਮੀਂ ਅਤੇ ਬਹੁ ਕੌਮੀ ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਅੱਗੇ ਆਈਆਂ ਹਨ। ਵਿਦਿਆਰਥੀਆਂ ਨੂੰ ਕਾਨਫਰੰਸ ਹਾਲ ਵਿਖੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਿਪਲੋਮਾ ਧਾਰਕਾਂ ਲਈ ਰਾਇਤ-ਬਾਹੜਾ ਰੈਲਮਾਜਰਾ ਕੈਂਪਸ ਵਿਖੇ ਸਰਕਾਰ ਵੱਲੋਂ ਲਾਏ ਗਏ ਇਸ ਰੋਜ਼ਗਾਰ ਮੇਲੇ ਦਾ ਮੰਤਵ, ਉਨ੍ਹਾਂ ਨੂੰ ਰੋਜ਼ਗਾਰ ਦਿਵਾ ਕੇ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ ਹੈ। ਬਲਾਚੌਰ ਦੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਵੱਲੋਂ ਤਕਨੀਕੀ ਸਿੱਖਿਆ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕਰਦਿਆਂ ਬਲਾਚੌਰ ਹਲਕੇ ਵਿੱਚ ਆਈ.ਟੀ.ਆਈ. ਅਤੇ ਪੋਲੀਟੈਕਨਿਕ ਸੰਸਥਾ ਦੀ ਸਥਾਪਤੀ ਦੀ ਮੰਗ ਰੱਖੀ। ਉਨ੍ਹਾਂ ਵੱਲੋਂ ਇਨ੍ਹਾਂ ਦੋਵਾਂ ਪ੍ਰਾਜੈਕਟਾਂ ’ਤੇ ਜਲਦ ਹੀ ਸਰਕਾਰ ਵੱਲੋਂ ਵਿਚਾਰ ਕਰਕੇ ਅਮਲੀ ਰੂਪ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਗਿਆ। ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਰਾਜ ਭਰ ਵਿੱਚ ਮੈਗਾ ਰੋਜ਼ਗਾਰ ਮੇਲੇ ਆਯੋਜਿਤ ਕਰਨ ਨੂੰ ਸਰਕਾਰ ਦਾ ਘਰ-ਘਰ ਨੌਕਰੀ ਨੂੰ ਅਮਲੀ ਰੂਪ ਦੇਣ ਲਈ ਵੱਡਾ ਉਪਰਾਲਾ ਕਰਾਰ ਦਿੱਤਾ। ਇਸ ਮੌਕੇ ਰਾਇਤ-ਬਾਹੜਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹੜਾ, ਰੈਲ ਮਾਜਰਾ ਕੈਂਪਸ ਡਾਇਰੈਕਟਰ ਸੁਰੇਸ਼ ਸੇਠ, ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ, ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਬੋਰਡ ਮੋਹਨਬੀਰ ਸਿੰਘ ਸਿੱਧੂ, ਐਸ.ਪੀ. (ਐਚ) ਜਸਬੀਰ ਸਿੰਘ ਰਾਏ, ਐਸ.ਡੀ.ਐਮ. ਬਲਾਚੌਰ ਜਗਜੀਤ ਸਿੰਘ, ਡੀ.ਐਸ.ਪੀ. ਬਲਾਚੌਰ ਗਗਨਦੀਪ ਸਿੰਘ ਭੁੱਲਰ, ਤਹਿਸੀਲਦਾਰ ਚੇਤਨ ਬੰਗੜ, ਕੈਂਪਸ ਦੇ ਜੁਆਇੰਟ ਡਾਇਰੈਕਟਰ ਪ੍ਰੋ. ਅਜੇ ਗੋਇਲ ਅਤੇ ਪਲੇਸਮੈਂਟ ਡਾਇਰੈਕਟਰ ਸਤਬੀਰ ਸਿੰਘ ਬਾਜਵਾ ਮੌਜ਼ੂਦ ਸਨ।