June 23, 2026 5:28 am

ਪਟਨਾ ਵਿੱਚ ਮੋਦੀ ਦੀ ‘ਹੁੰਕਾਰ ਰੈਲੀ’ ਤੋਂ ਪਹਿਲਾਂ 7 ਬੰਬ ਧਮਾਕੇ

ਪਟਨਾ, 27 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪਟਨਾ ਵਿੱਚ ਮੋਦੀ ਦੀ ਰੈਲੀ ਤੋਂ ਪਹਿਲਾਂ 7 ਬੰਬ ਧਮਾਕੇ ਹੋਏ, ਜਿਸ ਵਿੱਚ 6 ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ 80 ਤੋਂ ਵੱਧ ਲੋਕ ਜ਼ਖਮੀ ਹੋ ਗਏ। ਦੂਜੇ ਪਾਸੇ ਇਨ੍ਹਾਂ ਧਮਾਕਿਆਂ ਦੇ ਬਾਵਜੂਦ ਮੋਦੀ ਐਂਡ ਕੰਪਨੀ ‘ਹੁੰਕਾਰ ਰੈਲੀ’ ਵਿੱਚ ਹਿੱਸਾ ਲੈਣ ਲਈ ਪਟਨਾ ਦੇ ਗਾਂਧੀ ਮੈਦਾਨ ‘ਚ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਰੈਲੀ ਤੋਂ ਪਹਿਲਾਂ ਪਟਨਾ ‘ਚ ਲਗਾਤਾਰ ਹੋਏ ਬੰਬ ਧਮਾਕਿਆਂ ਨਾਲ ਪਟਨਾ ਕੰਬ ਗਿਆ।
BJP
ਇਨ੍ਹਾਂ ‘ਚੋਂ ਇਕ ਧਮਾਕਾ ਪਟਨਾ ਦੇ ਸਟੇਸ਼ਨ ‘ਤੇ ਇੱਕ ਟਾਇਲਟ ਵਿੱਚ ਹੋਇਆ, ਜਿਸ ਵਿੱਚ ਜ਼ਖਮੀ ਹੋਏ ਇਕ ਵਿਅਕਤੀ ਨੂੰ ਪਟਨਾ ਦੇ ਮੈਡੀਕਲ ਕਾਲਜ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਸਟੇਸ਼ਨ ‘ਤੇ  ਉੱਥੇ ਹੀ ਇਕ ਦੂਜਾ ਜ਼ਿੰਦਾ ਬੰਬ ਵੀ ਬਰਾਮਦ ਕੀਤਾ ਗਿਆ, ਜਿਸ ਨੂੰ ਬੰਬ ਰੋਕੂ ਦਸਤੇ ਨੇ ਨਸ਼ਟ ਕਰ ਦਿੱਤਾ। ਦੂਜਾ ਬੰਬ ਐਲੀਫਿੰਸਟਨ ਸਿਨੇਮਾ ਹਾਲ ਦੇ ਸਾਹਮਣੇ ਫਟਿਆ। ਇਸ ਤੋਂ ਇਲਾਵਾ ਵੀ ਕਈ ਥਾਵਾਂ ਅਤੇ ਗਾਂਧੀ ਮੈਦਾਨ ਦੇ ਨੇੜੇ ਵੀ ਧਮਾਕੇ ਹੋਣ ਦੀਆਂ ਖਬਰਾਂ ਹਨ, ਜਿੱਥੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ। ਪੁਲਿਸ ਨੇ ਇਨ੍ਹਾਂ ਧਮਾਕਿਆਂ ਨਾਲ ਸੰਬੰਧਤ ਦੋ ਸ਼ੱਕੀ ਵਿਅਕਤੀਆਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੂਰੇ ਮਾਮਲੇ ਦੀ ਜਾਂਚ ਦੇ ਲਈ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਪਟਨਾ ਪਹੁੰਚ ਗਈ ਹੈ। ਗਾਂਧੀ ਮੈਦਾਨ ਤੋਂ ਚਾਰ ਡਿਜੀਟਲ ਟਾਇਮਰ ਵਾਲੇ ਜਿੰਦਾ ਬੰਬ ਵੀ ਬਰਾਮਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਸਾਰੇ ਧਮਾਕੇ ਦੇਸੀ ਬੰਬਾਂ ਰਾਹੀਂ ਕੀਤੇ ਗਏ ਹਨ। ਇਸੇ ਦੌਰਾਨ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਕਿਹਾ ਹੈ ਕਿ ਧਮਾਕਿਆਂ ਸੰਬੰਧੀ ਕੋਈ ਖੁਫੀਆ ਜਾਣਕਾਰੀ ਪ੍ਰਾਪਤ ਨਹੀਂ ਹੋਈ ਸੀ।  ਲੱਗਦੈ ਜਾਣਬੁਝ ਕੇ ਕਰਵਾਏ ਗਏ ਧਮਾਕੇ : ਨੀਤਿਸ਼ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਇਨ੍ਹਾਂ ਧਮਾਕਿਆਂ ਪਿੱਛੇ ਕੋਈ ਸਾਜ਼ਿਸ਼ ਹੈ। ਨੀਤਿਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਕੁਝ ਅਹਿਮ ਸੁਰਾਗ ਹਨ ਅਤੇ ਉਹ ਜਲਦ ਹੀ ਸਾਜ਼ਿਸ਼ ਨੂੰ ਬੇਨਕਾਬ ਕਰ ਦੇਣਗੇ। ਨੀਤਿਸ਼ ਨੇ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨੂੰ ਨਾਕਾਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਪਿੱਛੇ ਕਿਸੇ ਸਿਆਸੀ ਸਾਜ਼ਿਸ਼ ਹੋਣ ਤੋਂ ਇਨਕਾਰ ਕੀਤਾ ਹੈ। ਨੀਤਿਸ਼ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਮਾਕੇ ਪੂਰੇ ਬਿਹਾਰ ਦੇ ਲਈ ਚੁਣੌਤੀ ਹਨ। ਅਜਿਹਾ ਲੱਗਦਾ ਹੈ ਕਿ ਜਿਵੇਂ ਬਿਹਾਰ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰੈਲੀ ਦੇ ਲਈ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਵਿੱਚ ਕੋਈ ਅਣਗਹਿਲੀ ਨਹੀਂ ਸੀ। ਇਸ ਤਰ੍ਹਾਂ ਦੀ ਘਟਨਾ ਦਾ ਕੋਈ ਸ਼ੱਕ ਨਹੀਂ ਸੀ ਅਤੇ ਨਾ ਹੀ ਸੁਰੱਖਿਆ ਏਜੰਸੀਆਂ ਨੇ ਇਸ ਨਾਲ ਜੁੜੀ ਕੋਈ ਜਾਣਕਾਰੀ ਦਿੱਤੀ ਹੈ। 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਨੀਤਿਸ਼ ਕੁਮਾਰ ਨੇ ਦੱਸਿਆ ਕਿ ਧਮਾਕੇ ਵਿੱਚ ਇੱਕ ਜ਼ਖਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀ.ਐਮ.ਸੀ.ਐਚ. ਵਿੱਚ ਹਾਲੇ ਵੀ 38 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਨੀਤਿਸ਼ ਨੇ ਮ੍ਰਿਤਕਾਂ ਦੇ ਆਸਰਿਤਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ ਦੇਣ ਦਾ ਐਲਾਨ ਕੀਤਾ ਹੈ। ਨੀਤਿਸ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਹਾਰ ਦੇ ਮਾਹੌਲ ਨੂੰ ਵਿਗੜਨ ਨਾ ਦੇਣ ਅਤੇ ਸ਼ਾਂਤੀ ਬਣਾਈ ਰੱਖਣ। ਉੁਨ੍ਹਾਂ ਨੇ ਕਿਹਾ ਕਿ ਰਾਜਨੀਤਿਕ ਵਿਰੋਧ ਆਪਣੀ ਜਗ੍ਹਾ ਹੈ ਪਰ ਮਾਹੌਲ ਵਿਗੜਨਾ ਨਹੀਂ ਚਾਹੀਦਾ ਹੈ।

Send this to a friend