ਆਲੂ ਉਤਪਾਦਕਾਂ ਨੇ ਆਲੂ ਸੜਕਾਂ ਤੇ ਸੁੱਟ ਕੇ ਰਾਸ਼ਟਰੀ ਮਾਰਗ ’ਤੇ ਲਾਇਆ ਧਰਨਾ

ਰਾਮਪੁਰਾ ਫੂਲ, 21 ਅਗਸਤ (ਮਨਪ੍ਰੀਤ ਗਿੱਲ, ਕੁਲਜੀਤ ਢੀਂਗਰਾ)- ਆਲੂ ਉਤਪਾਦਨ ਵਿਚ ਸੂਬੇ ਵਿਚੋਂ ਦੂਜੇ ਨੰਬਰ ਤੇ ਉਤਪਾਦਨ ਕਰਨ ਵਾਲੇ ਰਾਮਪੁਰਾ ਇਲਾਕੇ ਦੇ ਆਲੂ ਉਤਪਾਦਕ ਕਿਸਾਨ ਸਰਕਾਰਾਂ ਦੀਆਂ ਗਲਤ ਨੀਤਆਂ ਸਦਕਾ ਆਲੂ ਦੀ ਹੋ ਰਹੀ ਬੇਕਦਰੀ ਕਰਕੇ ਸੜ੍ਹਕਾਂ ਤੇ ਆਲੂਆਂ ਸਮੇਤ ਕੁੱਦ ਪਏ ਹਨ। ਜਿੰਨ੍ਹਾਂ ਨੇ ਬੀਤੇ ਦਿਨੀ ਸੋਨੇ ਵਰਗੇ ਆਲੂਆਂ ਨੇ ਸੜ੍ਹਕਾਂ ਤੇ ਖਿਲਾਰ ਕੇ ਬਠਿੰਡਾ –ਚੰਡੀਗੜ੍ਹ ਰਾਸਟਰੀ ਮਾਰਗ ਤੇ ਧਰਨਾਂ ਲਾਕੇ ਸਰਕਾਰਾਂ ਅਤੇ ਕੋਲਡ ਸਟੋਰ ਵਾਲਿਆਂ ਖਿਲਾਫ ਰੋਸ ਪ੍ਰਦਰਸਨ ਕੀਤਾ। ਦੱਸਣਯੋਗ ਹੈ ਕਿ ਪਿਛਲੇ ਸਾਲ ਕੋਲਡ ਸਟੋਰਾਂ ਪਿਆ ਕਿਸਾਨਾਂ ਦਾ ਆਲੂ ਨੋਟ ਬੰਦੀ ਦੀ ਭੇਂਟ ਚੜ੍ਹ ਕੇ ਕੂੜਾ ਹੋ ਗਿਆ ਸੀ ਜਿਸ ਕਰਕੇ ਇਸ ਵਾਰ ਆਲੂਆਂ ਦੀ ਪੁਟਾਈ ਵੇਲੇ ਖੇਤਾਂ ਵਿਚ ਆਲੂਆਂ ਦਾ ਕੋਈ ਖ੍ਰੀਦਦਾਰ ਨਾ ਆਉਣ ਕਰਕੇ ਕਿਸਾਨਾਂ ਨੂੰ ਆਲੂਆਂ ਨੂੰ ਕੋਲਡ ਸਟੋਰਾਂ ਵਿਚ ਸਟੋਰ ਕਰਨਾ ਪਿਆ। ਜਿਸ ਤੇ ਕਿਸਾਨਾਂ ਦਾ ਪ੍ਰਤੀ ਗੱਟੇ ਨੂੰ ਸਟੋਰ ਕਰਨ ਲਈ 300 ਰੁਪਏ ਖਰਚਾ ਹੋਇਆ ਜਦ ਕਿ ਹੁਣ ਇਨ੍ਹਾਂ ਦਿਨਾਂ ਵਿਚ ਚੰਗੀ ਕੁਆਲਟੀ ਦੇ ਆਲੂ ਦਾ ਭਾਅ 80 ਰੁਪਏ ਤੋਂ ਲੈਕੇ 110 ਰੁਪਏ ਤੱਕ ਵਿਕ ਰਿਹਾ ਹੈ। ਜਿਸ ਕਰਕੇ ਕਿਸਾਨ ਦਾ ਆਲੂ ਦੀ ਫਸਲ ਨੂੰ ਸਾਂਭਣ ਲਈ ਲੱਗਿਆ ਮੁੱਲ ਵੀ ਪੱਲੇ ਨਹੀ ਪੈ ਰਿਹਾ। ਜਿਸ ਕਰਕੇ ਆਲੂ ਉਤਪਾਦਕ ਵੀ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਕੋਲਡ ਸਟੋਰ ਮਾਲਕਾਂ ਦੀ ਧੱਕੇਸ਼ਾਹੀ ਕਰਕੇ ਖੁਦਕੁਸ਼ੀਆਂ ਦੇ ਰਾਹ ਪੈਣ ਨੂੰ ਤਿਆਰ ਹਨ। ਇਸ ਮੌਕੇ ਸਬ ਡਵੀਜਨ ਫੂਲ ਦੇ ਐਸ ਡੀ ਐਮ ਸੁਭਾਸ ਚੰਦਰ ਖਟਕ ਨੇ ਧਰਨਾਂਕਾਰੀਆਂ ਕੋਲ ਜਾਕੇ ਮੰਗ ਪੱਤਰ ਲੈਕੇ ਉਨ੍ਹਾਂ ਦੀਆਂ ਸਾਰੀਆਂ ਹੀ ਮੰਗਾਂ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆ ਕੇ ਹੱਲ ਕਰਨ ਦੀ ਕੋਸਿਸ ਕਰਨਗੇ। ਮੰਗ ਪੱਤਰ ਦੇਣ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇੱਕ ਹਫਤੇ ਦੇ ਵਿਚ ਵਿਚ ਪ੍ਰਸਾਸ਼ਨ ਨੇ ਕੋਈ ਹੱਲ ਨਾ ਕੀਤਾ ਤਾਂ ਇਲਾਕੇ ਦੇ ਆਲੂ ਉਤਪਾਦਕ ਇਸੇ ਹੀ ਥਾਂ ਤੇ ਅਣਮਿਥੇ ਸਮੇਂ ਲਈ ਧਰਨਾ ਲਾਕੇ ਸਰਕਾਰ ਅਤੇ ਕੋਲਡ ਸਟੋਰ ਵਾਲਿਆਂ ਖਿਲਾਫ ਤਿੱਖਾ ਸੰਘਰਸ਼ ਕਰਨਗੇ।

Send this to a friend