31 ਅਗਸਤ ਤੱਕ ਚਲੇਗਾ ਰੋਜ਼ਗਾਰ ਮੇਲਾ,7000 ਤੋਂ ਜ਼ਿਆਦਾ ਵਿਦਿਆਰਥੀ ਲੈਣਗੇ ਭਾਗ
ਜਲੰਧਰ 21 ਅਗਸਤ 2017 – ਪੰਜਾਬ ਸਰਕਾਰ ਵਲੋਂ ਹਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਲਗਾਏ ਜਾ ਰਹੇ ਜਾਬ ਮੇਲਿਆਂ ਵਿਚੋਂ ਅੱਜ ਜਲੰਧਰ ਵਿਖੇ ਸੁਰੂ ਹੋਏ ਮੇਲੇ ਦੇ ਪਹਿਲੇ ਦਿਨ ਵੱਖ ਵੱਖ ਕੰਪਨੀਆਂ ਵਲੋਂ 350 ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ । ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਸੀ.ਟੀ.ਇੰਸਟੀਚਿਊਟ ਵਿਖੇ ਚੱਲ ਰਹੇ ਜਾਬ ਮੇਲੇ ਦਾ ਦੌਰਾ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀ ਲਈ ਇੰਟਰਵਿਊ ਦੇਣ ਪੁੱਜੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਲਗਾਏ ਗਏ ਮੇਲੇ ਵਿੱਚ ਆਈ.ਟੀ.ਆਈ. ਅਤੇ ਪੌਲੀਟੈਕਨਿਕ ਕਾਲਜਾਂ ਤੋਂ ਪਾਸ ਆਊਟ ਵਿਦਿਆਰਥੀਆਂ ਦੇ ਵੱਖ ਵੱਖ ਕੰਪਨੀਆਂ ਵਲੋਂ ਚੋਣ ਕੀਤੀ ਜਾ ਰਹੀ ਹੈ। ਇਸ ਮੌਕੇ ਇੰਟਰਵਿਊ ਦੇਣ ਆਏ ਵਿਦਿਆਰਥੀਆਂ ਨੇ ਦੱਸਿਆ ਕਿ ਗਾਈਡੈਂਸ ਨਾ ਹੋਣ ਕਰਕੇ ਉਨਾਂ ਨੂੰ ਨੌਕਰੀ ਦੀ ਤਲਾਸ਼ ਵਿੱਚ ਵੱਡੀਆਂ ਦਿੱਕਤਾਂ ਆ ਰਹੀਆਂ ਸਨ ਜਦਕਿ ਮੇਲੇ ਦੌਰਾਨ ਪਹਿਲੇ ਹੀ ਦਿਨ 13 ਵੱਖ-ਵੱਖ ਕੰਪਨੀਆਂ ਵਲੋਂ ਵਿਦਿਆਰਥੀਆਂ ਦੀ ਇੰਟਰਵਿਊ ਲਈ ਗਈ ਹੈ। ਇਹ ਮੇਲਾ 21 ਤੋਂ 31 ਅਗਸਤ 2017 ਤੱਕ ਚਲੇਗਾ। ਅੱਜ ਮੇਲੇ ਦੇ ਪਹਿਲੇ ਦਿਨ 700 ਵਿਦਿਆਰਥੀਆਂ ਵਲੋਂ ਰਜਿਸਟਰੇਸ਼ਨ ਕਰਵਾਈ ਗਈ ਸੀ ਜਿਨਾਂ ਵਿਚੋਂ 350 ਵਿਦਿਆਰਥੀਆਂ ਦੀ 10 ਵੱਖ-ਵੱਖ ਕੰਪਨੀਆਂ ਵਲੋਂ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਡਿਗਰੀ/ਟਰੇਡ/ਕੋਰਸ ਦੇ ਅਨੁਸਾਰ ਰਜਿਸਟਰੇਸ਼ਨ ਕਰਕੇ ਉਨਾਂ ਨੂੰ ਇਕ ਨਿਸ਼ਚਿਤ ਦਿਨ ’ਤੇ ਇੰਟਰਵਿਊ ਲਈ ਬੁਲਾਇਆ ਜਾ ਰਿਹਾ ਹੈ ਅਤੇ ਉਸੇ ਦਿਨ ਸਬੰਧਿਤ ਖੇਤਰ ਦੀਆਂ ਕੰਪਨੀਆਂ ਵਿਦਿਆਰਥੀਆਂ ਦੀ ਇੰਟਰਵਿਊ ਲੈਂਦੀਆਂ ਹਨ । ਉਨ੍ਹਾਂ ਦੱਸਿਆ ਕਿ ਜਾਬ ਮੇਲੇ ਦੌਰਾਨ 7000 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਭਾਗ ਲੈਣ ਦੀ ਉਮੀਦ ਹੈ। ਇਸ ਮੌਕੇ ਸੀ.ਟੀ.ਗਰੁੱਪ ਦੇ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਹਰਪ੍ਰੀਤ ਸਿੰਘ ਨੇ ਜਾਬ ਮੇਲੇ ਬਾਰੇ ਡਿਪਟੀ ਕਮਿਸ਼ਨਰ ਨੂੰ ਵਿਸਥਾਰਿਤ ਜਾਣਕਾਰੀ ਦਿੱਤੀ। ਇਸ ਮੌਕੇ ਡਿਪਟੀ ਡਾਇਰੈਕਟਰ ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਸ੍ਰੀਮਤੀ ਸੰਜੀਦਾ ਬੇਰੀ ਵੀ ਹਾਜ਼ਰ ਸਨ।