ਲੜਕੀਆਂ ਪ੍ਰਤੀ ਉਸਾਰੂ ਨਜ਼ਰੀਆ ਅਪਣਾਉਣਾ ਸਮੇਂ ਦੀ ਵੱਡੀ ਸਮਾਜਿਕ ਲੋੜ- ਡਿਪਟੀ ਕਮਿਸ਼ਨਰ

‘‘ ਲਾਡੋ ਧੀ’’ ਸੈਮੀਨਾਰ ਦੌਰਾਨ ਵੱਖ-ਵੱਖ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਦਾ ਸਨਮਾਨ

ਜਲੰਧਰ 21 ਅਗਸਤ 2017 – ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਵਰਤਮਾਨ ਸਮੇਂ ਸਭ ਤੋਂ ਵੱਡੀ ਸਮਾਜਿਕ ਲੋੜ ਔਰਤਾਂ ਦੀ ਸਥਿਤੀ ,ਹੱਕਾਂ,ਸਿੱਖਿਆ ਪ੍ਰਤੀ ਉਸਾਰੂ ਨਜ਼ਰੀਆ ਅਪਣਾਉਣ ਦੀ ਹੈ ਕਿਉਂ ਜੋ ਅੱਜ ਕੱਲ ਔਰਤਾਂ ਦਾ ਦੇਸ਼ ਦੀ ਸਮਾਜਿਕ ਤੇ ਆਰਥਿਕ ਖੇਤਰ ਦੇ ਵਿਕਾਸ ਵਿੱਚ ਬਰਾਬਰ ਦਾ ਯੋਗਦਾਨ ਹੈ। ਅੱਜ ਇਥੇ ਲਾਇਲਪੁਰ ਖਾਲਸਾ ਕਾਲਜ ਫਾਰ ਗਰਲਜ਼ ਵਿਖੇ ਅਲਫ਼ਾ ਮਹਿੰਦਰੂ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਜਿਸ ਦਾ ਵਿਸ਼ਾ ‘ ਲਾਡੋ ਧੀ ’ ਸੀ ਨੂੰ ਸੰਬੋਧਨ ਕਰਦਿਆਂ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਔਰਤਾਂ ਨੂੰ ਵਿੱਦਿਅਕ ਖੇਤਰ ਵਿੱਚ ਬਰਾਬਰ ਦੇ ਮੌਕੇ ਦੇ ਕੇ ਤੇਜ਼ੀ ਨਾਲ ਅੱਗੇ ਵਧਿਆ ਜਾ ਸਕਦਾ ਹੈ । ਉਨਾਂ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਲਈ ਸਭ ਤੋਂ ਵੱਧ ਜ਼ੋਰ ਉਨਾਂ ਦੀ ਸਿੱਖਿਆ ’ਤੇ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1917 ਵਿੱਚ ਲਾਹੌਰ ਤੋਂ ਪਹਿਲੀ ਵਾਰ ਕਿਸੇ ਲੜਕੀ ਨੇ ਗ੍ਰੈਜੂਏਸ਼ਨ ਕੀਤੀ ਸੀ ਜੋ ਕਿ ਉਸ ਸਮੇਂ ਬਹੁਤ ਵੱਡੀ ਸਮਾਜਿਕ ਤਬਦੀਲੀ ਦਾ ਸੰਕੇਤ ਸੀ ਅਤੇ ਹੁਣ ਔਰਤਾਂ ਹਰ ਖੇਤਰ ਵਿੱਚ ਸਫਲਤਾ ਹਾਸਿਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਔਰਤਾਂ ਦੇ ਵਿਕਾਸ ਵੱਲ ਵੱਡੀ ਪੁਲਾਂਘ ਪੁੱਟੀ ਗਈ ਹੈ ਪਰ ਅਜੇ ਵੀ ਉਨਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਤਵੱਜ਼ੋਂ ਦੇਣ ਦੀ ਲੋੜ ਹੈ। ਅਲਫ਼ਾ ਮਹਿੰਦਰੂ ਫਾਊਂਡੇਸ਼ਨ ਵਲੋਂ ਬੇਟੀ ਬਚਾਓ ਬੇਟੀ ਪੜਾਓ ਦੇ ਨਾਅਰੇ ਨੂੰ ਹੋਰ ਪ੍ਰਚਾਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੈਰ ਸਰਕਾਰੀ ਸੰਗਠਨ ਅਤੇ ਮਾਪਿਆਂ ਨੂੰ ਲੜਕੀਆਂ ਦੇ ਸਤਿਕਾਰ ਅਤੇ ਸਵੈਮਾਣ ਪ੍ਰਤੀ ਜਾਗਰੂਕ ਕਰਨ ਲਈ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਨਾਮੀ ਵਿੱਦਿਅਕ ਸੰਸਥਾ ਖਾਲਸਾ ਕਾਲਜ ਵਲੋਂ ਲੜਕੀਆਂ ਨੂੰ ਸਿੱਖਿਅਤ ਕਰਨ ਵਿੱਚ ਪਾਇਆ ਜਾ ਰਿਹਾ ਯੋਗਦਾਨ ਲਾਮਿਸਾਲ ਹੈ । ਇਸ ਮੌਕੇ ਵੱਖ-ਵੱਖ ਖੇਤਰਾਂ ਦੇ ਕਰਵਾਏ ਗਏ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਤੌਰ ’ਤੇ ਜਸਪਾਲ ਸਿੰਘ ਵੜੈਚ, ਸਿਵਲ ਸਰਜਨ ਡਾ.ਆਰ.ਐਸ.ਰੰਧਾਵਾ, ਉਦਯੋਗਪਤੀ ਰਾਜੇਸ਼ ਵਿੱਜ, ਕਾਲਜ ਦੀ ਪ੍ਰਿੰਸੀਪਲ
ਡਾ.ਨਵਜੋਤ ਕੌਰ, ਰਾਜੇਸ਼ ਮਹਿੰਦਰੂ ਅਤੇ ਲਲਿਤ ਮਹਿਤਾ ਵੀ ਹਾਜ਼ਰ ਸਨ।

Send this to a friend